ਗੁਰਦੀਪ ਸਿੰਘ ਲਾਲੀ
ਸੰਗਰੂਰ, 14 ਅਪਰੈਲ
ਇੱਥੇ ਇਤਿਹਾਸਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਵਿਸਾਖੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਵੱਡੀ ਗਿਣਤੀ ’ਚ ਸੰਗਤ ਨੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ ਅਤੇ ਗੁਰੂ ਘਰ ਵਿੱਚ ਮੱਥਾ ਟੇਕਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਵਿਸਾਖੀ ਨੂੰ ਮੁੱਖ ਰੱਖਦਿਆਂ ਸੰਗਤ ਦੀ ਆਮਦ ਸਬੰਧੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।
ਗੁਰਦੁਆਰੇ ਦੇ ਮੈਨੇਜਰ ਨੇ ਦੱਸਿਆ ਕਿ ਅੱਜ ਸਵੇਰੇ ਅਖੰਡ ਪਾਠ ਦੇ ਭੋਗ ਪਾਏ ਗਏ ਹਨ ਅਤੇ ਰਾਗੀ ਜਥਿਆਂ ਵੱਲੋਂ ਸ਼ਬਦ ਗੁਰਬਾਣੀ ਦਾ ਕਥਾ ਕੀਰਤਨ ਕਰਦਿਆਂ ਸੰਗਤ ਨੂੰ ਨਿਹਾਲ ਕੀਤਾ। ਉਨ੍ਹਾਂ ਦੱਸਿਆ ਕਿ ਇਹ ਗੁਰਦੁਆਰਾ, ਗੁਰੂ ਨਾਨਕ ਦੇਵ ਅਤੇ ਮੀਰੀ ਪੀਰੀ ਦੇ ਮਾਲਕ ਛੇਵੇਂ ਗੁਰ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਇਤਿਹਾਸ ਅਨੁਸਾਰ ਪੂਰਬ ਦਿਸ਼ਾ ਵੱਲ ਜਾਂਦਿਆ ਗੁਰੂ ਨਾਨਕ ਦੇਵ ਜੀ 1497 ਵਿੱਚ 15 ਦਿਨਾਂ ਲਈ ਇਸ ਸਥਾਨ ’ਤੇ ਠਹਿਰੇ ਸਨ। ਇਸ ਤੋਂ ਇਲਾਵਾ ਸੰਨ 1616 ਵਿੱਚ ਗੁਰੂ ਹਰਗੋਬਿੰਦ ਸਿੰਘ ਇਸ ਸਥਾਨ ’ਤੇ ਪਧਾਰੇ ਸਨ ਜਿਨ੍ਹਾਂ ਨੇ ਇੱਕ ਕਰੀਰ ਦੇ ਦਰੱਖਤ ਨਾਲ ਆਪਣਾ ਘੋੜਾ ਬੰਨ੍ਹਿਆ ਸੀ। ਗੁਰਦੁਆਰਾ ਸਾਹਿਬ ਦੀ ਉਸਾਰੀ ਮੌਕੇ ਅਨਜਾਣ ਲੋਕਾਂ ਨੇ ਕਰੀਰ ਦੇ ਦਰੱਖਤ ਨੂੰ ਵੱਢ ਦਿੱਤਾ ਸੀ ਪਰ ਕੁਝ ਸਮੇਂ ਬਾਅਦ ਕ੍ਰਿਸ਼ਮਈ ਢੰਗ ਨਾਲ ਕਰੀਰ ਦਾ ਦਰੱਖਤ ਮੁੜ ਪ੍ਰਗਟ ਹੋਇਆ ਸੀ। ਇਹ ਦਰੱਖਤ ਅੱਜ ਵੀ ਗੁਰਦੁਆਰਾ ਕੰਪਲੈਕਸ ਵਿਖੇ ਮੌਜੂਦ ਹੈ ਜਿੱਥੇ ਸੰਗਤ ਨਤਮਸਤਕ ਹੁੰਦੀ ਹੈ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਇੱਥੇ ਅੱਜ ਵਿਸਾਖੀ ਮੌਕੇ ਗੁਰਦੁਆਰਾ ਦੂਖਨਿਵਾਰਨ ਸਾਹਿਬ, ਗੁਰਦੁਆਰਾ ਮੋਤੀ ਬਾਗ ਸਾਹਿਬ ਅਤੇ ਗੁਰਦਵਾਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਸੰਗਤ ਨੇ ਵਧ ਚੜ੍ਹ ਕੇ ਸ਼ਿਰਕਤ ਕੀਤੀ। ਸਰੋਵਰ ’ਚ ਇਸ਼ਨਾਨ ਕਰਨ ਮਗਰੋਂ ਸੰਗਤ ਦਰਬਾਰ ਸਾਹਿਬ ਨਤਮਸਤਕ ਹੋਈ। ਇਸ ਦੌਰਾਨ ਗੁਰਦੁਆਰਾ ਬਹਾਦਰਗੜ੍ਹ ਵਿਖੇ ਵਿਸਾਖੀ ਦੇ ਇਸ ਜੋੜ ਮੇਲੇ ’ਤੇ ਸੰਗਤ ਦੀ ਭਰਵੀਂ ਰੌਣਕ ਰਹੀ। ਇਸ ਮੌਕੇ ਕੀਰਤਨੀਏ ਜਥਿਆਂ ਅਤੇ ਢਾਡੀਆਂ ਨੇ ਸੰਗਤ ਨੂੰ ਨਿਹਾਲ ਕੀਤਾ। ਇਸ ਤੋਂ ਪਹਿਲਾਂ ਬਹਾਦਰਗੜ੍ਹ ਵਿਖੇ ਗੁਰਦੁਆਰਾ ਮੈਨੇਜਰ ਗੁਰਲਾਲ ਸਿੰਘ ਦੀ ਦੇਖ-ਰੇਖ ਹੋਏ ਸਮਾਗਮ ਦੌਰਾਨ ਅਖੰਡ ਪਾਠ ਦੇ ਭੋਗ ਵੀ ਪਾਏ ਗਏ।
ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਅਤੇ ਅਕਾਲੀ ਦਲ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਦਪੀ ਸਿੰਘ ਸ਼ਖੇਪੁਰਾ ਸਮੇਤ ਹੋਰ ਆਗੂਆਂ ਨੇ ਵੀ ਸ਼ਿਰਕਤ ਕੀਤੀ।