ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 11 ਅਗਸਤ
ਹੌਟ ਮਿਕਸ ਪਲਾਂਟ ਦੇ ਠੇਕੇਦਾਰਾਂ ਨੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ’ਤੇ ਖੱਜਲ-ਖੁਆਰ ਦੇ ਦੋਸ਼ ਲਗਾਏ ਹਨ ਅਤੇ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਦਿੱਤੀ ਹੈ।
ਹੌਟ ਮਿਕਸ ਪਲਾਂਟ ਦੇ ਠੇਕੇਦਾਰਾਂ ਦੇ ਸੂਬਾਈ ਪ੍ਰਧਾਨ ਬਲਵਿੰਦਰ ਸਿੰਘ ਤੇ ਜਗਪਾਲ ਮਿੱਤਲ ਨੇ ਲਗਾਏ ਕਿ ਪੰਜਾਬ ਮੰਡੀ ਬੋਰਡ ਪਟਿਆਲਾ ਵਿੱਚ ਤਾਇਨਾਤ ਅਧਿਕਾਰੀਆਂ ਵੱਲੋਂ ਰਿਸ਼ਵਤ ਮੰਗ ਕੇ ਠੇਕੇਦਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਠੇਕੇਦਾਰਾਂ ਨੇ ਕਾਰਜਕਾਰੀ ਇੰਜਨੀਅਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਰਕਮ ਅਧਿਕਾਰੀਆਂ ਨੂੰ ਜਾਣੀ ਹੈ, ਉਨ੍ਹਾਂ ਦੇ ਪੱਲੇ ਕੁੱਝ ਨਹੀਂ ਪੈਣਾ। ਠੇਕੇਦਾਰਾਂ ਨੇ ਐੱਸਐੱਸਪੀ ਵਿਜੀਲੈਂਸ ਨੂੰ ਸ਼ਿਕਾਇਤ ਭੇਜਣ ਉਪਰੰਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ। ਵਿੱਤ ਮੰਤਰੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਰਿਸ਼ਵਤ ਮੰਗਣ ਵਾਲੇ ਅਫਸਰਾਂ ਵਿਰੁੱਧ ਬਣਦੀ ਕਾਰਵਾਈ ਜਲਦੀ ਕੀਤੀ ਜਾਵੇਗੀ ਤੇ ਇਸ ਮਸਲੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਮਾਮਲੇ ਦੀ ਜਾਂਚ ਕਰੇਗੀ।
ਕੀ ਕਹਿੰਦੇ ਨੇ ਅਧਿਕਾਰੀ
ਮੰਡੀ ਬੋਰਡ ਦੇ ਚੀਫ਼ ਇੰਜਨੀਅਰ ਗੁਰਦੀਪ ਸਿੰਘ ਨੇ ਕਿਹਾ ਕਿ ਇਸ ਮਾਮਲੇ ਸਬੰਧੀ 12 ਅਗਸਤ ਨੂੰ ਮੁੱਖ ਦਫ਼ਤਰ ਮੁਹਾਲੀ ਵਿੱਚ ਮੀਟਿੰਗ ਸੱਦੀ ਗਈ ਹੈ, ਜਿਸ ’ਚ ਸਾਰੇ ਠੇਕੇਦਾਰ ਸ਼ਾਮਲ ਹੋਣਗੇ। ਜੇਕਰ ਕੋਈ ਵੀ ਜ਼ਿੰਮੇਵਾਰ ਨਿਕਲਿਆ ਤਾਂ ਉਸ ਖ਼ਿਲਾਫ਼ ਕਾਰਵਾਈ ਹੋਵੇਗੀ।