ਰਵੇਲ ਸਿੰਘ ਭਿੰਡਰ
ਪਟਿਆਲਾ, 2 ਜੁਲਾਈ
ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਵੱਲੋਂ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਸਨੌਰੀ ਅੱਡਾ ਵਿੱਚ ਕਰੋੜਾਂ ਰੁਪਏ ਖਰਚ ਕੇ ਬਣਾਏ ਸ਼ਹਿਰੀ ਗਰਿੱਡ ਦੇ ਸਾਹਮਣੇ ਭਾਂਡੇ ਖੜਕਾ ਕੇ ਤੇ ਪੱਖੀਆਂ ਝੱਲ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਸਰਕਾਰ ਤੋਂ ਜਵਾਬ ਮੰਗ ਰਹੇ ਸਨ ਕਿ ਸਸਤੀ ਬਿਜਲੀ ਤਾਂ ਦੂਰ ਦੀ ਗੱਲ ਹੈ ਇਥੇ ਤਾਂ ਬਿਜਲੀ ਹੀ ਨਹੀਂ ਆ ਰਹੀ। ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਵਿਚ ਲੰਮੇ ਬਿਜਲੀ ਕੱਟਾਂ ਕਾਰਨ ਲੋਕਾਂ ਦਾ ਜਿਊੁਣਾ ਮੁਹਾਲ ਹੋ ਗਿਆ ਹੈ। ਬਿਜਲੀ ਅਤੇ ਪਾਣੀ ਦੀ ਕਿੱਲਤ ਕਾਰਨ ਹਾਹਾਕਾਰ ਮੱਚ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੀ ਸਿਰਫ਼ ਚਾਰ-ਪੰਜ ਘੰਟੇ ਹੀ ਬਿਜਲੀ ਮਿਲ ਰਹੀ ਹੈ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਇਹੀ ਕਹਾਣੀ ਅੱਤ ਦੀ ਗਰਮੀ ਵਿਚ ਨਾ ਬਿਜਲੀ ਨਾ ਪਾਣੀ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਠੀਕ ਨਾ ਕੀਤੀ ਤਾਂ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ।
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਸਥਾਨਕ ਸ਼ਹਿਰ ਅਤੇ ਲਾਗਲੇ ਕਰੀਬ ਵੀਹ ਪਿੰਡਾਂ ਵਿੱਚ ਬੀਤੇ ਦਿਨਾਂ ਦੌਰਾਨ ਘਰੇਲੂ ਤੇ ਖੇਤੀਬਾੜੀ ਬਿਜਲੀ ਸਪਲਾਈ ਦੀ ਮਾੜੀ ਸਪਲਾਈ ਵਿਰੁੱਧ ਰੋਸ ਪ੍ਰਗਟ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ’ਤੇ ਵਰਕਰਾਂ ਨੇ ਬਿਜਲੀ ਦਫ਼ਤਰ ਦੇ ਅਹਿਮਦਗੜ੍ਹ ਦਫ਼ਤਰ ਵਿੱਚ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਅੱਜ ਲਗਾਏ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੇ ਦੋਸ਼ ਲਗਾਇਆ ਕਿ ਆਮ ਲੋਕਾਂ ਅਤੇ ਕਿਸਾਨਾਂ ਨੂੰ ਲੋੜੀਂਦੀ ਬਿਜਲੀ ਸਪਲਾਈ ਕਰਨ ਦੇ ਮੁੱਦੇ ’ਤੇ ਪੰਜਾਬ ਸਰਕਾਰ ਬੁਰੀ ਤਾਂ ਫੇਲ ਹੋਈ ਹੈ ਅਤੇ ਸਰਕਾਰ ਨੂੰ ਆਪਣੇ ਦਫ਼ਤਰਾਂ ਦਾ ਕੰਮ ਦਾ ਸਮਾਂ ਵੀ ਘਟਾਉਣਾ ਪਿਆ ਹੈ। ਐਕਸੀਅਨ ਅਮਨਦੀਪ ਸਿੰਘ ਨੇ ਦੋਸ਼ ਲਗਾਇਆ ਕਿ ਕੁੱਝ ਲੋਕ ਆਮ ਲੋਕਾਂ ਨੂੰ ਭੜਕਾ ਕੇ ਰੋਸ ਪ੍ਰਦਰਸ਼ਨ ਦੀ ਆੜ ਵਿੱਚ ਤਣਦੇਹੀ ਨਾਲ ਕੰਮ ਕਰ ਰਹੇ ਅਧਿਕਾਰੀਆਂ ਦੇ ਘਰਾਂ ’ਤੇ ਹਮਲੇ ਕਰਵਾ ਰਹੇ ਸਨ।
ਧੂਰੀ (ਪਵਨ ਕੁਮਾਰ ਵਰਮਾ): ਪੰਜਾਬ ਵਿੱਚ ਪੈਦਾ ਹੋਈ ਬਿਜਲੀ ਦੀ ਕਿਲੱਤ ਤੇ ਪਾਣੀ ਦੀ ਸਮੱਸਿਆ ਕਾਰਨ ਅੱਜ ਪੰਜਾਬ ਸਰਕਾਰ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵੱਲੋਂ ਹਲਕਾ ਪੱਧਰੀ ਰੋਸ਼ ਧਰਨਾ ਹਲਕਾ ਇੰਚਾਰਜ ਹਰੀ ਸਿੰਘ ਪ੍ਰੀਤ ਅਗਵਾਈ ਹੇਠ ਐਕਸ਼ਨ ਬਿਜਲੀ ਦਫ਼ਤਰ, ਬਾਗੜੀਆਂ ਚੌਕ ਧੂਰੀ ਵਿੱਚ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆ ਹਲਕਾ ਇੰਚਾਰਜ ਹਰੀ ਸਿੰਘ ਪ੍ਰੀਤ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਕੀਤੇ ਸਨ ਵੱਡੇ-ਵੱਡੇ ਦਾਵੇ ਪੂਰੀ ਤਰ੍ਹਾਂ ਨਾਲ ਖੋਖਲੇ ਸਾਬਤ ਹੋਏ ਹਨ ਤੇ ਕਿਸਾਨਾਂ ਨੂੰ ਬਿਜਲੀ ਦੇ ਵੱਡੇ-ਵੱਡੇ ਕੱਟਾਂ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਪੂਰੀ ਨਾ ਮਿਲਣ ਕਾਰਨ ਝੋਨੇ ਦੀ ਫਸਲ ਸੁੱਕਣ ਲਗੀ ਹੈ ਤੇ ਅੱਗੇ ਤੋ ਝੋਨੇ ਦੀ ਲੁਆਈ ਦਾ ਕੰਮ ਵੀ ਪੂਰੀ ਤਰ੍ਹਾਂ ਨਾਲ ਠੱਪ ਹੋ ਗਿਆ ਹੈ। ਇਕ ਪਾਸੇ ਜਿੱਥੇ ਸੂਬਾ ਸਰਕਾਰ ਝੋਨੇ ਦੀ ਲੁਆਈ ਲਈ ਬਿਜਲੀ ਦੇ ਅਗਾਉਂ ਪ੍ਰਬੰਧ ਕਰਨ ’ਚ ਨਾਕਾਮ ਰਹੀ ਹੈੈ, ਉੱਥੇ ਮੋਨਸੂਨ ਦੀ ਦੇਰੀ ਨਾਲ ਸੂਬੇ ਅੰਦਰ ਸੁੱਕੇ ਵਰਗੇ ਹਾਲਾਤ ਬਣ ਗਏ ਹਨ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਸਥਾਨਕ ਪਾਵਰਕੌਮ ਦੇ ਰੇਲਵੇ ਰੋਡ ਸਥਿਤ ਦਫ਼ਤਰ ਅੱਗੇ ਅਕਾਲੀ-ਬਸਪਾ ਆਗੂਆਂ ਤੇ ਵਰਕਰਾਂ ਨੇ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੇ ਸੀਜ਼ਨ ’ਚ ਕਿਸਾਨਾਂ ਤੋਂ ਇਲਾਵਾ ਸਨਅਤਕਾਰਾਂ, ਦੁਕਨਦਾਰਾਂ ਤੇ ਆਮ ਖ਼ਪਤਕਾਰਾਂ ਨੂੰ ਲੋੜੀਂਦੀ ਬਿਜਲੀ ਸਪਲਾਈ ਦੇਣ ’ਚ ਫੇਲ੍ਹ ਸਾਬਤ ਹੋ ਰਹੀ ਹੈ। ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਕਿਸਾਨਾਂ ਸਮੇਤ ਸਮਜ ਦੇ ਹੋਰ ਵਰਗਾਂ ਨੂੰ ਅੱਤ ਦੀ ਪੈ ਰਹੀ ਗਰਮੀ ’ਚ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਹੋਰ ਵਰਗਾਂ ਨੂੰ ਬਿਜਲੀ ਕੱਟਾਂ ਤੋਂ ਨਿਜਾਤ ਦਿਵਾਉਣ ਲਈ ਤੁਰੰਤ ਠੋਸ ਕਦਮ ਚੁੱਕੇ।