ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਅਕਤੂਬਰ
ਅਕਾਲ ਡਿਗਰੀ ਕਾਲਜ ਫਾਰ ਵਿਮੈਨ ਦੇ ਪ੍ਰਿੰਸੀਪਲ ਦਫ਼ਤਰ ਨੂੰ ਦੋ ਜਿੰਦਰੇ ਲਗਾਉਣ ਕਾਰਨ ਭਾਵੇਂ ਬੀਤੇ ਕੱਲ੍ਹ ਪ੍ਰਿੰਸੀਪਲ ਵਲੋਂ ਬਾਹਰ ਵਰਾਂਡੇ ’ਚ ਹੀ ਦਫ਼ਤਰ ਲਗਾਇਆ ਗਿਆ ਸੀ ਪਰੰਤੂ ਅੱਜ ਕਥਿਤ ਰੰਜਿਸ਼ ਤਹਿਤ ਮਾਮਲਾ ਉਦੋਂ ਹੋਰ ਗਰਮਾ ਗਿਆ ਜਦੋਂ ਪ੍ਰਿੰਸੀਪਲ ਨੂੰ ਕਾਲਜ ਅੰਦਰ ਦਾਖਲ ਹੋਣ ਤੋਂ ਹੀ ਰੋਕ ਦਿੱਤਾ ਗਿਆ ਜਿਸ ਕਾਰਨ ਪ੍ਰਿੰਸੀਪਲ ਬੰਦ ਪਏ ਮੁੱਖ ਗੇਟ ਅੱਗੇ ਹੀ ਬੈਠ ਗਏ। ਉਧਰ ਕਾਲਜ ਅੰਦਰ ਵਿਦਿਆਰਥਣਾਂ ਨੇ ਵੀ ਪ੍ਰਿੰਸੀਪਲ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਰੋਸ ਧਰਨਾ ਲਗਾ ਦਿੱਤਾ। ਪਤਾ ਲੱਗਦਿਆਂ ਹੀ ਸ਼ਹਿਰ ਦੇ ਕਈ ਪਤਵੰਤੇ ਅਤੇ ਪੁਲੀਸ ਕਾਲਜ ਪੁੱਜ ਗਏ ਜਿਸ ਮਗਰੋਂ ਕਾਲਜ ਮੈਨੇਜਮੈਂਟ ਨੇ ਮੰਨ ਲਿਆ ਕਿ ਉਨ੍ਹਾਂ ਨੂੰ ਸਰਕਾਰ ਵਲੋਂ ਪ੍ਰਿੰਸੀਪਲ ਦੀ ਮੁਅੱਤਲੀ ਰੱਦ ਕਰਨ ਦੇ ਹੁਕਮ ਪ੍ਰਾਪਤ ਹੋ ਗਏ ਹਨ।
ਪ੍ਰਿੰਸੀਪਲ ਡਾ. ਸੁਖਮੀਨ ਕੌਰ ਸਿੱਧੂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 9 ਵਜੇ ਜਿਉਂ ਹੀ ਕਾਲਜ ਪੁੱਜੇ ਤਾਂ ਮੁੱਖ ਗੇਟ ਅੰਦਰੋਂ ਬੰਦ ਕਰਕੇ ਉਨ੍ਹਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਜਿਸ ਕਰਕੇ ਉਹ ਕਾਲਜ ਦੇ ਮੁੱਖ ਗੇਟ ਅੱਗੇ ਹੀ ਬੈਠ ਗਏ। ਕਾਲਜ ਅੰਦਰ ਜਿਉਂ ਹੀ ਵਿਦਿਆਰਥਣਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਅੰਦਰੋਂ ਮੁੱਖ ਗੇਟ ਖੁੱਲ੍ਹਵਾ ਕੇ ਬਾਹਰ ਆਉਣਾ ਚਾਹਿਆ ਤਾਂ ਕਾਲਜ ਅੰਦਰ ਤਾਇਨਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਵਿਦਿਆਰਥਣਾਂ ਨੂੰ ਰੋਕ ਦਿੱਤਾ ਜਿਸ ਕਾਰਨ ਵਿਦਿਆਰਥਣਾਂ ਨੇ ਕਾਲਜ ਅੰਦਰ ਰੋਸ ਧਰਨਾ ਲਗਾ ਦਿੱਤਾ। ਰੋਸ ਧਰਨੇ ਦੌਰਾਨ ਵਿਦਿਆਰਥਣਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਿੰਸੀਪਲ ਨੂੰ ਜਾਣਬੁੱਝ ਕੇ ਅੰਦਰ ਦਾਖਲ ਹੋਣ ਤੋਂ ਰੋਕਿਆ ਗਿਆ ਹੈ ਅਤੇ ਕਾਲਜ ਅੰਦਰ ਡਾਂਗਾਂ ਵਾਲੇ ਅਣਪਛਾਤੇ ਵਿਅਕਤੀ ਤਾਇਨਾਤ ਹਨ ਜੋ ਕਿ ਵਿਦਿਆਰਥਣਾਂ ਨੂੰ ਡਰਾ ਧਮਕਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੈਡਮ ਨੇ ਕਾਲਜ ਚਲਾਉਣ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਸੀ ਇਸੇ ਲਈ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਧਰਨੇ ਦੌਰਾਨ ਵਿਦਿਆਰਥਣਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ।
ਇਸੇ ਦੌਰਾਨ ਸ਼ਹਿਰ ਦੇ ਕੁਝ ਪਤਵੰਤੇ ਅਤੇ ਪੁਲੀਸ ਵੀ ਕਾਲਜ ਪੁੱਜ ਗਈ। ਲੋਕ ਵਿਦਿਆਰਥਣਾਂ ਸਮੇਤ ਕਾਲਜ ਮੈਨੇਜਮੈਂਟ ਕਮੇਟੀ ਦੇ ਡਾਇਰੈਕਟਰ ਕੋਲ ਪੁੱਜੇ ਅਤੇ ਪ੍ਰਿੰਸੀਪਲ ਨੂੰ ਅੰਦਰ ਦਾਖਲ ਹੋਣ ਤੋਂ ਰੋਕਣ ਦਾ ਕਾਰਨ ਪੁੱਛਿਆ। ਡਾਇਰੈਕਟਰ ਹਰਜੀਤ ਕੌਰ ਨੇ ਕਿਹਾ ਕਿ ਸਰਕਾਰ ਵਲੋਂ ਪ੍ਰਿੰਸੀਪਲ ਦੀ ਮੁਅੱਤਲੀ ਰੱਦ ਕਰਨ ਦੇ ਹੁਕਮ ਪ੍ਰਾਪਤ ਨਹੀਂ ਹੋਏ। ਇਸ ਤੋਂ ਕੁਝ ਸਮੇਂ ਬਾਅਦ ਮੰਨ ਲਿਆ ਗਿਆ ਕਿ ਸਰਕਾਰ ਵਲੋਂ ਹੁਕਮ ਮਿਲ ਚੁੱਕੇ ਹਨ ਜਿਸ ਮਗਰੋਂ ਪ੍ਰਿੰਸੀਪਲ ਦਫ਼ਤਰ ਦੇ ਜਿੰਦਰੇ ਖੋਲ੍ਹ ਦਿੱਤੇ ਗਏ। ਇਸ ਘਟਨਾ ਤੋਂ ਬਾਅਦ ਕਾਲਜ ਵਿਦਿਆਰਥਣਾਂ ਨੇ ਪ੍ਰਿੰਸੀਪਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਕਾਲਜ ਵਿਚ ਉਨ੍ਹਾਂ ਦੀ ਸੁਰੱਖਿਆ ਕੀਤੀ ਜਾਵੇ। ਵਿਦਿਆਰਥਣਾਂ ਨੇ ਕਿਹਾ ਕਿ ਜੇ ਪ੍ਰਿੰਸੀਪਲ ਨਾਲ ਅਜਿਹਾ ਕੁਝ ਹੋ ਸਕਦਾ ਤਾਂ ਵਿਦਿਆਰਥਣਾਂ ਵੀ ਸੁਰੱਖਿਅਤ ਨਹੀਂ ਹਨ।
ਉਧਰ, ਕਾਲਜ ਗਵਰਨਿੰਗ ਕਮੇਟੀ ਦੇ ਚੇਅਰਮੈਨ ਕਰਨਬੀਰ ਸਿੰਘ ਸਬਿੀਆ ਦਾ ਕਹਿਣਾ ਹੈ ਕਿ ਕਮੇਟੀ ਨੂੰ 10:58 ’ਤੇ ਸਰਕਾਰ ਕੋਲੋਂ ਪ੍ਰਿੰਸੀਪਲ ਦੀ ਮੁਅੱਤਲੀ ਰੱਦ ਹੋਣ ਦੇ ਹੁਕਮ ਮਿਲੇ ਹਨ ਜਿਸ ਦੀ ਪਾਲਣਾ ਕਰਦਿਆਂ ਪ੍ਰਿੰਸੀਪਲ ਨੂੰ ਡਿਊਟੀ ਜੁਆਇਨ ਕਰਨ ਦੀ ਆਗਿਆ ਦੇ ਦਿੱਤੀ ਹੈ। ਉਨ੍ਹਾਂ ਪ੍ਰਿੰਸੀਪਲ ’ਤੇ ਅਨੁਸ਼ਾਸਣਹੀਣਤਾ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਾਲਜ ਦਾ ਵਿਦਿਅਕ ਮਾਹੌਲ ਖਰਾਬ ਹੋਇਆ ਹੈ। ਇਥੇ ਜ਼ਿਕਰਯੋਗ ਹੈ ਕਿ 23 ਅਕਤੂਬਰ ਨੂੰ ਕਾਲਜ ਮੈਨੇਜਮੈਂਟ ਕਮੇਟੀ ਵਲੋਂ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਸੀ ਜਿਸ ਮਗਰੋਂ ਉਚੇਰੀ ਸਿੱਖਿਆ ਵਿਭਾਗ ਵਲੋਂ ਪ੍ਰਿੰਸੀਪਲ ਦੀ ਮੁਅੱਤਲੀ ਦੇ ਹੁਕਮ ਰੱਦ ਕਰ ਦਿੱਤੇੇ ਸੀ।