ਗੁਰਦੀਪ ਸਿੰਘ ਲਾਲੀ
ਸੰਗਰੂਰ, 31 ਮਾਰਚ
ਰਾਸ਼ਨ ਕਾਰਡ ’ਚੋਂ ਕੱਟੇ ਨਾਂ ਬਹਾਲ ਕਰਵਾਉਣ ਅਤੇ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਮਜ਼ਦੂਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਅੱਜ ਖੁਰਾਕ ਤੇ ਸਪਲਾਈ ਵਿਭਾਗ ਦੀ ਟੀਮ ਪਿੰਡ ਉਪਲੀ ਪੁੱਜੀ ਅਤੇ ਧਰਮਸ਼ਾਲਾ ਵਿਚ ਬੈਠ ਕੇ ਲੋਕ ਮਸਲਿਆਂ ਨੂੰ ਹੱਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਇਸ ਨੂੰ ਮਜ਼ਦੂਰ ਵਰਗ ਦੇ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਹੈ। ਯੂਨੀਅਨ ਦੀ ਅਗਵਾਈ ਹੇਠ ਬੀਤੀ 25 ਮਾਰਚ ਨੂੰ ਸੈਂਕੜੇ ਮਜ਼ਦੂਰਾਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਸੀ ਜਿਸ ਮਗਰੋਂ ਹੀ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਵਲੋਂ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਇਆ ਸੀ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਸਕੱਤਰ ਬਿਮਲ ਕੌਰ, ਜ਼ਿਲ੍ਹਾ ਆਗੂ ਅਮਰੀਕ ਸਿੰਘ ਅਤੇ ਕਰਮਜੀਤ ਕੌਰ ਨੇ ਦੱਸਿਆ ਕਿ ਖੁਰਾਕ ਤੇ ਸਪਲਾਈ ਵਿਭਾਗ ਦੀ ਟੀਮ ਲੋੜਵੰਦ ਲੋਕਾਂ ਦੇ ਲਟਕ ਰਹੇ ਮਸਲੇ ਹੱਲ ਕਰਨ ਲਈ ਪਿੰਡ ਉਪਲੀ ਪੁੱਜੀ ਹੈ। ਉਨ੍ਹਾਂ ਦੱਸਿਆ ਕਿ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਗੁਰਚਰਨ ਸਿੰਘ ਅਤੇ ਹਰਵਿੰਦਰ ਸਿੰਘ ਨੇ ਧਰਮਸ਼ਾਲਾ ਵਿਚ ਬੈਠ ਕੇ ਬਕਾਇਦਾ ਤੌਰ ’ਤੇ ਰਾਸ਼ਨ ਕਾਰਡ ਧਾਰਕਾਂ ਦੇ ਕੱਟੇ ਨਾਂ ਬਹਾਲ ਕਰਨ ਅਤੇ ਨਵੇਂ ਰਾਸ਼ਨ ਕਾਰਡ ਬਣਾਉਣ ਦੇ ਸਬੰਧ ਵਿਚ ਲੋੜੀਂਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਕਾਰਡ ਧਾਰਕਾਂ ਦੇ ਨਾਂ ਕੱਟੇ ਜਾ ਚੁੱਕੇ ਹਨ ਉਹ ਸ੍ਰੀ ਰਵਿਦਾਸ ਧਰਮਸ਼ਾਲਾ ਪੁੱਜ ਗਏ ਸਨ। ਕਰੀਬ ਦੋ ਵਜੇ ਤੱਕ ਬੈਠ ਕੇ ਅਧਿਕਾਰੀਆਂ ਨੇ ਲੋਕਾਂ ਦੇ ਮਸਲੇ ਸੁਣੇ ਅਤੇ ਹੱਲ ਕਰਨ ਦਾ ਭਰੋਸਾ ਦਿਵਾਇਆ। ਯੂਨੀਅਨ ਆਗੂਆਂ ਨੇ ਕਿਹਾ ਕਿ ਅੱਜ ਦੀ ਪ੍ਰਕਿਰਿਆ ਮਗਰੋਂ ਵੀ ਜਿਨ੍ਹਾਂ ਰਾਸ਼ਨ ਕਾਰਡ ਧਾਰਕਾਂ ਦੇ ਨਾਮ ਬਹਾਲ ਹੋਣ ਤੋਂ ਰਹਿ ਗਏ ਜਾਂ ਨਵੇਂ ਕਾਰਡ ਬਣਨੋਂ ਰਹਿ ਗਏ, ਉਹ ਵੀ ਪੂਰੇ ਹੋਣਗੇ। ਇਸ ਸਬੰਧੀ ਸੂਚੀ ਤਿਆਰ ਕੀਤੀ ਗਈ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਜਿਹੜੇ ਡਿਪੂ ਹੋਲਡਰਾਂ ਖ਼ਿਲਾਫ਼ ਸ਼ਿਕਾਇਤਾਂ ਹਨ, ਉਨ੍ਹਾਂ ਬਾਰੇ ਵੀ ਪੜਤਾਲ ਦਾ ਭਰੋਸਾ ਦਿਵਾਇਆ ਹੈੇ।