ਬੀਰਬਲ ਰਿਸ਼ੀ
ਸ਼ੇਰਪੁਰ, 14 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਤੇ ਈਨਾਬਾਜਵਾ ਵਾਸੀਆਂ ਦਰਮਿਆਨ ਲੰਘੀ ਰਾਤ ਹੋਈ ਝੜਪ ਮਗਰੋਂ ਕਿਸਾਨ ਜਥੇਬੰਦੀ ਨੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਅਗਵਾਈ ਹੇਠ ਅੱਜ ਦੁਪਹਿਰ ਤੱਕ ਥਾਣਾ ਸ਼ੇਰਪੁਰ ਦਾ ਘਿਰਾਓ ਕੀਤਾ। ਪਿੰਡ ਈਨਾਬਾਜਵਾ ਵਾਸੀਆਂ ਨੇ ਕਿਸਾਨ ਯੂਨੀਅਨ ਵੱਲੋਂ ਜ਼ਮੀਨੀ ਵਿਵਾਦ ਦੇ ਮਾਮਲੇ ’ਚ ਪਿੰਡ ਦੇ ਪੱਤਰਕਾਰ ਸਮੇਤ ਛੇ ਵਿਆਕਤੀਆਂ ‘ਤੇ ਪਰਚਾ ਦਰਜ਼ ਕਰਨ ਵਿਰੁੱਧ ਅੱਜ ਸ਼ੇਰਪੁਰ ਦੇ ਕਾਤਰੋਂ ਚੌਕ ਵਿੱਚ 5 ਘੰਟੇ ਚੱਕਾ ਜਾਮ ਕੀਤਾ।
ਯਾਦ ਰਹੇ ਕਿ ਲੰਘੀ 1 ਜੁਲਾਈ ਨੂੰ ਪਿੰਡ ਈਨਾਬਾਜਵਾ ਤੋਂ ਫਰਨੀਚਰ ਦਾ ਕੰਮ ਕਰਦੇ ਪਿਉ ਪੁੱਤਰ ਟੈਂਕੀ ’ਤੇ ਚੜ੍ਹ ਗਏ ਸਨ ਜਿਨ੍ਹਾਂ ਨੂੰ ਤੀਜੇ ਦਿਨ ਉਤਾਰਨ ਸਮੇਂ ਸਮਝੌਤਾ ਹੋਇਆ ਸੀ ਉਹ ਦੂਜੀ ਧਿਰ ਨੂੰ ਇੱਕ ਸਾਲ ਲਈ ਇੱਕ ਵਿੱਘੇ ਦਾ ਪੂਰਾ ਠੇਕਾ ਦੇਣਗੇ ਅਤੇ ਦੂਜੀ ਧਿਰ ਮਿਣਤੀ ਲਈ ਆਪਣੀ ਜ਼ਮੀਨ ਖਾਲੀ ਛੱਡ ਦੇਵੇਗੀ।
ਜਾਣਕਾਰੀ ਅਨੁਸਾਰ ਬੀਤੀ ਸ਼ਾਮ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਦੀ ਅਗਵਾਈ ਹੇਠ ਕਈ ਕਿਸਾਨਾਂ ਦੀ ਹਾਜ਼ਰੀ ਵਿੱਚ ਇੱਕ ਧਿਰ ਨੇ ਵਿਵਾਦਿਤ ਜਗ੍ਹਾ ਵਿੱਚ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ। ਇਸ ਮਾਮਲੇ ਦਾ ਜਿਉਂ ਹੀ ਪਿੰਡ ਈਨਾਬਾਜਵਾ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਕਿਸਾਨ ਆਗੂਆਂ ਨੂੰ ਘੇਰ ਲਿਆ ਅਤੇ ਕੁੱਟਮਾਰ ਕੀਤੀ। ਕਿਸਾਨਾਂ ਦੀ ਸਪੀਕਰ ਵਾਲੀ ਗੱਡੀ ਦੀ ਹਵਾ ਕੱਢ ਦਿੱਤੀ ਜਿਸ ਕਰਕੇ ਕਿਸਾਨਾਂ ਨੂੰ ਆਪਣੀ ਗੱਡੀ ਤੇ ਇੱਕ ਹੋਰ ਵਹੀਕਲ ਉੱਥੇ ਹੀ ਛੱਡ ਕੇ ਜਾਣਾ ਪਿਆ। ਰਾਤ ਸਮੇਂ ਹਮਲਾਵਰਾਂ ’ਤੇ ਪਰਚਾ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਨੇ ਥਾਣੇ ਅੱਗੇ ਧਰਨਾ ਦਿੱਤਾ ਜਿਸ ਮਗਰੋਂ ਪੁਲੀਸ ਨੇ ਬੀਤੀ ਰਾਤ ਹੀ ਈਨਾਬਾਜਵਾ ਦੀ ਸਰਪੰਚ ਬੀਬੀ ਦੇ ਪਤੀ ਕੁਲਦੀਪ ਸਿੰਘ ਕੀਪਾ, ਗੁਰਚਰਨ ਸਿੰਘ, ਸੁਖਵਿੰਦਰ ਕੌਰ, ਰਾਮ ਸਿੰਘ, ਗੁਰਚਰਨ ਸਿੰਘ ਦੇ ਪੁੱਤਰ ਅਤੇ ਪੱਤਰਕਾਰ ਰਣਜੀਤ ਰਾਣਾ ਸਿੱਧੂ ’ਤੇ ਧਾਰਾ 3341, 447, 323, 511, 506, 427, 148, 149 ਤਹਿਤ ਪਰਚਾ ਦਰਜ ਕਰ ਲਿਆ। ਅੱਜ ਸਵੇਰ ਜਿਉਂ ਹੀ ਈਨਾਬਾਜਵਾ ਵਾਸੀਆਂ ਨੂੰ ਇਸ ਪਰਚੇ ਦਾ ਪਤਾ ਲੱਗਿਆ ਤਾਂ ਉਨ੍ਹਾਂ ਸਵੇਰ ਸਮੇ ਹੀ ਸ਼ੇਰਪੁਰ ਦੇ ਕਾਤਰੋਂ ਚੌਕ ’ਚ ਚੱਕਾ ਜਾਮ ਕਰ ਦਿੱਤਾ।
ਡੀਐੱਸਪੀ ਯੋਗੇਸ਼ ਸ਼ਰਮਾ ਨੇ ਦੋਵੇ ਧਿਰਾਂ ਨੂੰ ਸਮਝਾ ਕੇ ਧਰਨਾ ਚੁਕਵਾ ਦਿੱਤਾ ਅਤੇ ਮਾਮਲੇ ਦੀ ਪੜਤਾਲ ਮੁਕੰਮਲ ਹੋਣ ਤੱਕ ਕੋਈ ਵੀ ਗ੍ਰਿਫ਼ਤਾਰੀ ਨਾ ਕਰਨ ਦਾ ਭਰੋਸਾ ਦਿੱਤਾ।