ਪੱਤਰ ਪ੍ਰੇਰਕ
ਲਹਿਰਾਗਾਗਾ, 8 ਮਈ
ਪਿਛਲੇ ਕਾਫੀ ਸਮੇਂ ਤੋਂ ਲੁਧਿਆਣਾ-ਹਿਸਾਰ-ਜਾਖਲ ਰੇਲਵੇ ਲਾਈਨ ’ਤੇ ਪੈਸੰਜਰ ਗੱਡੀਆਂ ਬੰਦ ਹੋਣ ਕਾਰਨ ਸਵਾਰੀਆਂ ਬਹੁਤ ਪ੍ਰੇਸ਼ਾਨ ਹਨ। ਇਸ ਸਬੰਧੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਲਾਲ ਸਿੰਘ ਨੇ ਦੱਸਿਆ ਕਿ ਕਿਸਾਨ ਯੂਨੀਅਨਾਂ ਵੱਲੋਂ ਰੇਲਵੇ ਟਰੈਕ ’ਤੇ ਧਰਨਾ ਦੇਣ ਕਾਰਨ ਇਹ ਆਵਾਜਾਈ ਬੰਦ ਹੈ, ਜਿਸ ਕਾਰਨ ਲਹਿਰਾਗਾਗਾ ਤੋਂ ਲੁਧਿਆਣਾ ਜਾਣ ਵਾਲੀਆਂ ਸਵਾਰੀਆਂ ਤੇ ਕਈ ਦਰਜਨ ਵਪਾਰੀਆਂ ਨੂੰ ਬਹੁਤ ਔਖ ਆ ਰਹੀ ਹੈ। ਇਸ ਤੋਂ ਇਲਾਵਾ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਨੂੰ ਡੀਐੱਮਸੀ ਹਸਪਤਾਲ ਜਾਣ ਵਿੱਚ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਲਾਈਨ ਉੱਪਰ ਆਵਾਜਾਈ ਬਹਾਲ ਕਰਨ ਲਈ ਕਿਸਾਨ ਯੂਨੀਅਨ ਨਾਲ ਗੱਲਬਾਤ ਕੀਤੀ ਜਾਵੇ ਜਾਂ ਕੋਈ ਦੂਜਾ ਬਦਲ ਲੱਭ ਕੇ ਇੱਥੇ ਦੀ ਆਵਾਜਾਈ ਬਹਾਲ ਕੀਤੀ ਜਾਵੇ।