ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਨਵੰਬਰ
ਸਿੱਖ ਕੌਮ ਦੇ ਮਹਾਨ ਜਰਨੈਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਤੇ ਨਾਨਕੇ ਪਿੰਡ ਬਡਰੁੱਖਾਂ ’ਚ ਇਸ ਮਹਾਨ ਜਰਨੈਲ ਦਾ ਬੁੱਤ ਸਥਾਪਤ ਕਰਨ ਦੇ ਸਰਕਾਰੀ ਵਾਅਦੇ ਕਰੀਬ ਦੋ ਦਹਾਕਿਆਂ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵਫ਼ਾ ਨਹੀਂ ਹੋਏ। ਪਹਿਲਾਂ ਇੱਕ ਦਹਾਕਾ ਸੱਤਾ ’ਤੇ ਕਾਬਜ਼ ਰਹੀ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਸਰਕਾਰ ਤੋਂ ਬਾਅਦ ਹੁਣ ਕਰੀਬ ਚਾਰ ਸਾਲ ਤੋਂ ਸੱਤਾ ਸੰਭਾਲ ਰਹੀ ਮੌਜੂਦਾ ਕਾਂਗਰਸ ਸਰਕਾਰ ਨੇ ਸ਼ੇਰ-ਏ-ਪੰਜਾਬ ਦੇ ਜਨਮ ਸਥਾਨ ਨੂੰ ਵਿਸਾਰਿਆ ਹੋਇਆ ਹੈ। ਕਰੀਬ 23 ਸਾਲ ਪਹਿਲਾਂ ਅਤੇ ਉਸ ਤੋਂ ਬਾਅਦ ਵੀ ਤਿੰਨ ਵਾਰ ਸ਼ੇਰ-ਏ-ਪੰਜਾਬ ਦਾ ਬੁੱਤ ਸਥਾਪਤ ਕਰਨ ਦੇ ਵਾਅਦੇ ਸਮੇਂ ਦੀ ਧੂੜ ’ਚ ਗੁਆਚ ਗਏ ਹਨ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਤੇ ਨਾਨਕਾ ਪਿੰੰਡ ਬਡਰੁੱਖਾਂ ਵਿੱਚ ਕਰੀਬ 23 ਵਰ੍ਹੇ ਪਹਿਲਾਂ ਸ਼ੇਰ-ਏ-ਪੰਜਾਬ ਦੇ ਜਨਮ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਸ਼ੇਰ-ਏ-ਪੰਜਾਬ ਯਾਦਗਾਰੀ ਪਾਰਕ ਸਥਾਪਤ ਕਰਕੇ ਘੋੜੇ ’ਤੇ ਸਵਾਰ ਸ਼ੇਰ-ਏ-ਪੰਜਾਬ ਦਾ ਕਾਂਸੀ ਦਾ ਬੁੱਤ ਬਡਰੁੱਖਾਂ ’ਚ ਲਗਾਇਆ ਜਾਵੇਗਾ। ਉਪਰੰਤ ਤਿੰਨ ਵਾਰ ਮੁੜ ਅਕਾਲੀ ਸਰਕਾਰ ਵੱਲੋਂ ਇਹੋ ਵਾਅਦਾ ਦੁਹਰਾਇਆ ਗਿਆ। ਕਰੀਬ 19 ਵਰ੍ਹਿਆਂ ਮਗਰੋਂ ਇਹ ਵਾਅਦਾ ਉਸ ਸਮੇਂ ਪੂਰਾ ਹੁੰਦਾ ਜਾਪਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਯਾਦਗਾਰੀ ਪਾਰਕ ਵਿਚ ਸਥਾਪਤ ਕਰਨ ਲਈ ਸਰਕਾਰ ਵਲੋਂ ਭੇਜ ਦਿੱਤਾ ਗਿਆ ਪ੍ਰੰਤੂ ਇਹ ਬੁੱਤ ਪਿੰਡ ਦੀ ਪੰਚਾਇਤ ਨੂੰ ਪਸੰਦ ਨਹੀਂ ਆਇਆ ਕਿਉਂਕਿ ਇਹ ਬੁੱਤ ਨਾ ਤਾਂ ਵਾਅਦੇ ਅਨੁਸਾਰ ਘੋੜੇ ’ਤੇ ਸਵਾਰ ਸੀ ਅਤੇ ਨਾ ਹੀ ਬੁੱਤ ਕਾਂਸੀ ਦਾ ਬਣਿਆ ਹੋਇਆ ਸੀ। ਹੁਣ ਪਿੰਡ ਬਡਰੁੱਖਾਂ ’ਚ ਸੁੰਦਰ ਪਾਰਕ ਬਣੇ ਨੂੰ ਵੀ ਸੱਤ ਸਾਲ ਬੀਤ ਚੁੱਕੇ ਹਨ ਪ੍ਰੰਤੂ ਬੁੱਤ ਦੀ ਉਡੀਕ ਨਹੀਂ ਮੁੱਕੀ। ਪਿੰਡ ਦੇ ਸਰਪੰਚ ਕੁਲਜੀਤ ਸਿੰਘ ਦਾ ਕਹਿਣਾ ਹੈ ਕਿ ਪੰਚਾਇਤ ਤੇ ਪਿੰਡ ਵਾਸੀਆਂ ਦੀ ਮੰਗ ਹੈ ਕਿ ਘੋੜੇ ’ਤੇ ਸਵਾਰ ਸ਼ੇਰ-ਏ-ਪੰਜਾਬ ਦਾ ਕਾਂਸੀ ਦਾ ਬੁੱਤ ਸਥਾਪਤ ਕੀਤਾ ਜਾਵੇ। ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਹਲਕੇ ਦੇ ਆਗੂਆਂ ਕੋਲ ਇਹ ਮੰਗ ਉਠਾਈ ਜਾ ਚੁੱਕੀ ਹੈ ਜਿਨ੍ਹਾਂ ਵਲੋਂ ਜਲਦ ਬੁੱਤ ਸਥਾਪਤ ਕਰਾਉਣ ਦਾ ਭਰੋਸਾ ਦਿੱਤਾ ਗਿਆ ਹੈ।