ਬੀਰਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 14 ਫਰਵਰੀ
ਇੱਥੇ ਨਗਰ ਕੌਂਸਲ ਚੋਣਾਂ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਸੁਨਾਮ ਦੇ 23 ਵਾਰਡਾਂ ਦੇ 45 ਬੂਥਾਂ ਵਿੱਚ ਕਰੀਬ 73 ਫੀਸਦੀ ਵੋਟਾਂ ਭੁਗਤੀਆਂ ਹਨ। ਇਸੇ ਦੌਰਾਨ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦਾਮਨ ਥਿੰਦ ਬਾਜਵਾ ਅਤੇ ਉਨ੍ਹਾਂ ਦੇ ਪਤੀ ਹਰਮਨਦੇਵ ਸਿੰਘ ਬਾਜਵਾ ਨੇ ਦੋਸ਼ ਲਾਇਆ ਕਿ ਵੋਟਾਂ ਪੁਆਉਣ ਲਈ ਤਾਇਨਾਤ ਚੋਣ ਅਮਲੇ ਦੀ ਲਾਪ੍ਰਵਾਹੀ ਕਾਰਨ ਕਈ ਵਾਰਡਾਂ ਵਿੱਚ ਕਥਿਤ ਜਾਅਲੀ ਵੋਟਾਂ ਭੁਗਤੀਆਂ ਹਨ। ਬਾਜਵਾ ਜੋੜੀ ਨੇ ਕਿਹਾ ਕਿ ਵਾਰਡ ਨੰਬਰ 4 ਅਤੇ ਵਾਰਡ ਨੰਬਰ 8 ਦੇ ਵਿਚ ਜਾਅਲੀ ਵੋਟਾਂ ਭੁਗਤਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਨੂੰ ਕੁਤਾਹੀ ਵਰਤਣ ਵਾਲੇ ਚੋਣ ਅਮਲੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਦੂਸਰੇ ਪਾਸੇ ਕਾਂਗਰਸੀ ਉਮੀਦਵਾਰਾਂ ਦੇ ਮੁਕਾਬਲੇ ਵਿੱਚ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੇ ਕਿਹਾ ਕਿ ਹਾਕਮ ਧਿਰ ਵੱਲੋਂ ਆਪਣੀ ਹਾਰ ਹੁੰਦੀ ਦੇਖ ਕੇ ਮਾਹੌਲ ਨੂੰ ਖ਼ਰਾਬ ਕਰਨ ਦਾ ਡਰਾਮਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਦੋਂ ਚੋਣ ਰਿਟਰਨਿੰਗ ਅਫਸਰ ਅਤੇ ਸੁਨਾਮ ਦੀ ਐੱਸਡੀਐੱਮ ਮਨਜੀਤ ਕੌਰ ਨੇ ਕਿਹਾ ਕਿ ਦੋ ਵੋਟਰਾਂ ਦਾ ਨਾਂ ਇਕੋ ਜਿਹਾ ਹੋਣ ਕਾਰਨ ਥੋੜ੍ਹੀ ਜਿਹੀ ਦਿੱਕਤ ਆਈ ਸੀ ਪਰ ਮਾਮਲੇ ਨੂੰ ਮੌਕੇ ’ਤੇ ਹੀ ਸੁਲਝਾ ਦਿੱਤਾ ਗਿਆ ਹੈ।