ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 3 ਦਸੰਬਰ
ਨੇੜਲੇ ਪਿੰਡ ਦੁਲਮਾਂ ਦੀ ਇੱਕ ਨਾਬਾਲਗ ਯਤੀਮ ਲੜਕੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਵਿੱਚ ਉਸੇ ਪਿੰਡ ਦੇ ਇਕ 20 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਜੌੜੇਪੁਲ ਚੌਕੀ ਦੀ ਪੁਲੀਸ ਨੇ ਲੰਘੀ ਰਾਤ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਇਲਾਕੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਥਾਣਾ ਸਦਰ ਅਹਿਮਦਗੜ੍ਹ ਦੇ ਐੱਸਐੱਚਓ ਪ੍ਰਤੀਕ ਜਿੰਦਲ ਅਨੁਸਾਰ ਚੌਕੀ ਇੰਚਾਰਜ ਰਾਜਵਿੰਦਰ ਕੌਰ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਦੁਲਮਾ ਨੂੰ ਉਸ ਦੇ ਹੀ ਗੁਆਂਢ ਵਿੱਚ ਰਹਿੰਦੀ ਨਾਬਾਲਗ ਲੜਕੀ ਨਾਲ ਬੀਤੇ ਇੱਕ ਸਾਲ ਤੋਂ ਜਬਰ-ਜਨਾਹ ਕੀਤੇ ਜਾਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀੜਤਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਉਸ ਦੀ ਮਾਤਾ ਦੀ ਮੌਤ ਸੱਤ ਵਰ੍ਹੇ ਪਹਿਲਾਂ ਹੋ ਗਈ ਸੀ ਅਤੇ ਕਰੀਬ ਇੱਕ ਸਾਲ ਪਹਿਲਾਂ ਉਸ ਦੇ ਪਿਤਾ ਦਾ ਵੀ ਦੇਹਾਂਤ ਹੋ ਗਿਆ ਸੀ। ਕੁੱਝ ਦਿਨ ਆਪਣੇ ਚਾਚੇ ਨਾਲ ਰਹਿਣ ਤੋਂ ਬਾਅਦ ਉਹ ਤੇ ਉਸ ਦਾ ਛੋਟਾ ਭਰਾ ਇਕੱਲੇ ਰਹਿਣ ਲੱਗ ਗਏ ਸਨ। ਇਸ ਦੌਰਾਨ ਮੁਲਜ਼ਮ ਗੁਰਪ੍ਰੀਤ ਸਿੰਘ ਦੇ ਘਰ ਕਿਰਾਏਦਾਰ ਰਹਿੰਦੀ ਅੰਜੂ ਨੇ ਪੀੜਤਾ ਨੂੰ ਗੁਰਪ੍ਰੀਤ ਨਾਲ ਦੋਸਤੀ ਕਰਨ ਲਈ ਉਕਸਾਇਆ। ਉਪਰੰਤ ਗੁਰਪ੍ਰੀਤ ਸਿੰਘ ਨੇ ਉਸ ਦੇ ਘਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ ਅਤੇ ਵਿਆਹ ਦਾ ਲਾਰਾ ਲਗਾ ਕੇ ਪੀੜਤਾ ਨਾਲ ਜਬਰ-ਜਨਾਹ ਕੀਤਾ। ਸ਼ਿਕਾਇਤ ਅਨੁਸਾਰ ਗੁਰਪ੍ਰੀਤ ਨੇ 18 ਅਪਰੈਲ ਨੂੰ ਪੀੜਤਾ ਦੇ ਘਰ ਆ ਕੇ ਉਸ ਨਾਲ ਜਬਰ-ਜਨਾਹ ਕੀਤਾ ਸੀ। ਪੀੜਤਾ ਨੂੰ ਕਰੀਬ ਛੇ ਮਹੀਨੇ ਬਾਅਦ ਗਰਭਵਤੀ ਹੋਣ ਦਾ ਪਤਾ ਲੱਗਿਆ। ਇਸ ਬਾਰੇ ਗੁਰਪ੍ਰੀਤ ਨੂੰ ਦੱਸੇ ਜਾਣ ’ਤੇ ਉਸ ਨੇ ਪੀੜਤਾ ਨੂੰ ਗਰਭਪਾਤ ਦੀਆਂ ਦਵਾਈਆਂ ਵੀ ਦਿੱਤੀਆਂ। ਨਵਬੰਰ ਦੇ ਆਖ਼ਰੀ ਹਫ਼ਤੇ ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੀ ਸਕੈਨਿੰਗ ਕਰਵਾਈ ਤੇ ਪਿੰਡ ਦੀ ਹੀ ਇੱਕ ਹੋਰ ਔਰਤ ਦੇ ਘਰ ਲਿਜਾ ਕੇ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਕੋਈ ਟੀਕਾ ਲਗਾਉਣ ਦੀ ਕੋਸ਼ਿਸ਼ ਵੀ ਕੀਤੀ। ਇਸੇ ਦੌਰਾਨ ਪਿੰਡ ਦੇ ਪਤਵੰਤਿਆਂ ਨੇ ਪੀੜਤਾ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਵਿੱਚ ਦਾਖ਼ਲ ਕਰਵਾ ਦਿੱਤਾ ਜਿੱਥੇ ਉਸ ਨੇ ਇੱਕ ਲੜਕੀ ਨੂੰ ਜਨਮ ਦਿੱਤਾ। ਪੀੜਤਾ ਨੇ ਆਖ਼ਰਕਾਰ ਬੁੱਧਵਾਰ ਨੂੰ ਆਪਣੀ ਹੱਡ ਬੀਤੀ ਪੁਲੀਸ ਨੂੰ ਦੱਸ ਕੇ ਕਾਰਵਾਈ ਕਰਵਾਉਣ ਦਾ ਮਨ ਬਣਾ ਲਿਆ। ਉਪਰੰਤ ਥਾਣਾ ਸਦਰ ਅਹਿਮਦਗੜ੍ਹ ਵਿੱਚ ਗੁਰਪ੍ਰੀਤ ਸਿੰਘ ਵਿਰੁੱਧ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।