ਪੱਤਰ ਪ੍ਰੇਰਕ
ਡਕਾਲਾ, 9 ਅਗਸਤ
ਬਰਸਾਤਾਂ ਦੇ ਦਿਨਾਂ ਵਿੱਚ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਪਟਿਆਲਾ ਨਦੀ ਦੀ ਮਾਰ ਦਾ ਸੈਂਕੜੇ ਕਿਸਾਨਾਂ ਨੂੰ ਹਰ ਸਾਲ ਹਰਜਾਨਾ ਭੁਗਤਣਾ ਪੈਂਦਾ ਹੈ। ਇਸ ਵਾਰ ਵੀ ਨਦੀ ਦੀ ਸਫਾਈ ਨਾ ਹੋਣ ਕਾਰਨ ਨੇੜਲੇ ਪਿੰਡ ਭਾਨਰੀ ਵਿਖੇ ਦਰਜਨਾਂ ਕਿਸਾਨਾਂ ਦੀ 50 ਏਕੜ ਝੋਨੇ ਦੀ ਫ਼ਸਲ ਮਰ ਗਈ ਜਦੋਂ ਕਿ ਸੌ ਏਕੜ ਫ਼ਸਲ ਨੁਕਸਾਨੀ ਗਈ। ਪੀੜਤ ਕਿਸਾਨਾਂ ਦੇ ਦੱਸਣ ਮੁਤਾਬਕ ਪਟਿਆਲਾ ਨਦੀ ਦੀ ਸਫ਼ਾਈ ਪਿੰਡ ਦੁੱਧੜ ਤੱਕ ਹੀ ਕੀਤੀ ਗਈ ਹੈ, ਦੁੱਧੜ ਤੋਂ ਭਾਨਰੀ ਤਕ ਲੀਕ ਹੋਏ ਪਾਣੀ ਨੇ ਉਨ੍ਹਾਂ ਦਾ ਨੁਕਸਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਗੁਰਧਿਆਨ ਸਿੰਘ ਭਾਨਰੀ ਨੇ ਕਿਹਾ ਕਿ ਇਸ ਵਾਰ ਹੋਈਆਂ ਬਰਸਾਤਾਂ ਕਾਰਨ ਉਨ੍ਹਾਂ ਦੇ ਪਿੰਡ ਭਾਨਰੀ ਦੇ ਕਿਸਾਨ ਪ੍ਰੇਮ ਸਿੰਘ, ਧਰਮਿੰਦਰ ਸਿੰਘ, ਜਗਵਿੰਦਰ ਸਿੰਘ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਤੇ ਰਾਮ ਸਰੂਪ ਆਦਿ ਦੀ 50 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਬਿਲਕੁਲ ਤਬਾਹ ਹੋ ਗਈ ਜਦੋਂ ਕਿ 100 ਏਕੜ ਦੇ ਕਰੀਬ ਫ਼ਸਲ ਨੁਕਸਾਨੀ ਹੋ ਚੁੱਕੀ ਹੈ, ਜਿਸ ਦੇ ਝਾੜ ’ਤੇ ਵੀ ਇਸ ਹੜ੍ਹ ਦਾ ਬੁਰਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਜਿੱਥੋਂ ਤਕ ਨਦੀ ਦੀ ਸਫਾਈ ਹੋਈ ਹੈ ਉਥੋਂ ਤਕ ਕਿਸਾਨਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ, ਇਸ ਲਈ ਪਿੰਡ ਭਾਨਰੀ ਦੇ ਕਿਸਾਨਾਂ ਦੇ ਹੋਏ ਨੁਕਸਾਨ ਲਈ ਸਬੰਧਤ ਡਰੇਨੇਜ ਵਿਭਾਗ ਅਤੇ ਅਧਿਕਾਰੀ ਬਰਾਬਰ ਦੇ ਜ਼ਿੰਮੇਵਾਰ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਮੁਆਵਜ਼ਾ ਰਾਸ਼ੀ ਜਲਦ ਦਿੱਤੀ ਜਾਵੇ ਤਾਂ ਜੋ ਕਿਸਾਨ ਮੁੜ ਕਿਸੇ ਹੋਰ ਫ਼ਸਲ ਦੀ ਬਿਜਾਈ ਕਰ ਸਕਣ। ਉਧਰ, ਡਰੇਨੇਜ ਵਿਭਾਗ ਦੇ ਐਕਸੀਅਨ ਨੇ ਸਿਰਫ਼ ਇਹੋ ਆਖਿਆ ਕਿ ਪੂਰੀ ਨਦੀ ਦੀ ਸਫਾਈ ਕੀਤੀ ਗਈ ਹੈ।