ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 10 ਜੁਲਾਈ
‘ਆਉ ਰੁੱਖ ਲਗਾਈਏ, ਪੰਜਾਬ ਹਰਿਆ ਭਰਿਆ ਬਣਾਈਏ’ ਦੇ ਨਾਅਰੇ ਹੇਠ ਐੱਸਐੱਸਪੀ ਸੰਗਰੂਰ ਡਾ. ਵਿਵੇਕ ਸ਼ੀਲ ਸੋਨੀ ਆਈਪੀਐੱਸ ਵੱਲੋਂ ਜਿਲ੍ਹੇ ਭਰ ਵਿੱਚ ਪੌਦੇ ਲਗਾਉਣ ਦੀ ਵਿੱਢੀ ਮੁਹਿੰਮ ਦੀ ਇੱਥੇ ਡੀਐੱਸਪੀ ਭਵਾਨੀਗੜ੍ਹ ਸੁਖਰਾਜ ਸਿੰਘ ਘੁੰਮਣ ਨੇ ਅੱਜ ਸਾਂਝ ਕੇਂਦਰ ਵਿੱਚ ਪੌਦੇ ਲਾ ਕੇ ਸ਼ੁਰੂਆਤ ਕੀਤੀ। ਇਸ ਮੌਕੇ ਡੀਐੱਸਪੀ ਘੁੰਮਣ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਸਭ ਨੂੰ ਰਲ ਮਿਲਕੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਵਿੱਢੀ ਮੁਹਿੰਮ ਤਹਿਤ ਸ਼ਹਿਰ ਵਿੱਚ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਜਨਤਕ ਥਾਵਾਂ ’ਤੇ ਵੱਧ ਤੋਂ ਵੱਧ ਬੂਟੇ ਲਗਾਉਣਗੇ ਤਾਂ ਜੋ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਬੂਟਿਆਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਉਹ ਆਪ ਖੁਦ ਲੈਣਗੇ। ਇਸ ਮੌਕੇ ਉਨ੍ਹਾਂ ਨਾਲ ਸਾਂਝ ਕੇਂਦਰ ਭਵਾਨੀਗੜ੍ਹ ਦੇ ਇੰਚਾਰਜ ਏਐੱਸਆਈ ਨਰਿੰਦਰ ਪਾਲ ਸਿੰਘ, ਏਐੱਸਆਈ ਸੁਖਵਿੰਦਰ ਸਿੰਘ, ਏਐੱਸਆਈ ਸਤਵਿੰਦਰ ਸਿੰਘ, ਅਮਨਦੀਪ ਕੌਰ ਤੋਂ ਇਲਾਵਾ ਹੋਰ ਮੁਲਾਜ਼ਮ ਵੀ ਹਾਜ਼ਰ ਸਨ।
ਪੀਆਰਟੀਸੀ ਦੇ ਚੇਅਰਮੈਨ ਨੇ ਮੁੱਖ ਦਫ਼ਤਰ ’ਚ ਲਾਏ ਬੂਟੇ
ਪਟਿਆਲਾ (ਖੇਤਰੀ ਪ੍ਰਤੀਨਿਧ): ਇਥੇ ਪੀਆਰਟੀਸੀ ਦੇ ਚੇਅਰਮੈਨ ਸ੍ਰੀ ਕੇਕੇ ਸ਼ਰਮਾ ਨੇ ਕਿਹਾ ਕਿ ਸਾਡੇ ਵਾਤਾਵਰਨ ਨੂੰ ਅਨੁਕੂਲ ਰੱਖਣ ਅਤੇ ਚੌਗਿਰਦੇ ਦੀ ਸੰਭਾਲ ਲਈ ਹਰ ਮਨੁੱਖ ਨੂੰ ਬੂਟੇ ਜ਼ਰੂਰ ਲਾਉਣੇ ਚਾਹੀਦੇ ਹਨ। ਉਹ ਅੱਜ ਇੱਥੇ ਪੀਆਰਟੀਸੀ ਦੇ ਮੁੱਖ ਦਫ਼ਤਰ ਵਿੱਖੇ ‘ਹਰ ਮਨੁੱਖ ਲਗਾਵੇ ਰੁੱਖ’ ਅਧੀਨ ਲੜੀ ਜ਼ੋੜਦੇ ਹੋਏ ਖੁੱਲ੍ਹੇ ਮੈਦਾਨ ਵਿੱਚ ਬੂਟੇ ਲਗਾ ਰਹੇ ਸਨ। ਇਸ ਪ੍ਰੋਗਰਾਮ ਦੀ ਅਗਵਾਈ ਕੇਂਦਰੀ ਵਰਕਸ਼ਾਪ ਦੇ ਜੀਐੱਮ ਐੱਮਪੀ ਸਿੰਘ ਨੇ ਕੀਤੀ। ਇਸ ਮੌਕੇ ਵਣ ਰੇਂਜ ਵਿਸਥਾਰ ਅਫਸਰ, ਪਟਿਆਲਾ ਮਨਵੀਨ ਕੌਰ, ਪ੍ਰਧਾਨ ਪਾਵਰ ਹਾਊਸ ਯੂਥ ਕਲੱਬ ਜਤਵਿੰਦਰ ਗਰੇਵਾਲ, ਗੁਰਜਾਪ ਸਿੰਘ, ਬਲਵਿੰਦਰ ਸਿੰਘ ਸਰਵਿਸ ਇੰਜਨੀਅਰ ਪੀਆਰਟੀਸੀ ਅਤੇ ਡਰਾਈਵਰ ਟ੍ਰੇਨਿੰਗ ਸਕੂਲ ਪੀਆਰਟੀਸੀ ਦੇ ਇੰਚਾਰਜ ਜਸਪਾਲ ਸਿੰਘ ਵੀ ਮੌਜੂਦ ਸਨ।