ਗੁਰਨਾਮ ਸਿੰਘ ਚੌਹਾਨ
ਪਾਤੜਾਂ, 13 ਅਪਰੈਲ
ਆਮ ਆਦਮੀ ਪਾਰਟੀ ਨਗਰ ਕੌਂਸਲ ਪਾਤੜਾਂ ’ਤੇ ਕਾਬਜ਼ ਹੋ ਗਈ ਹੈ। ਕੁਝ ਦਿਨ ਪਹਿਲਾਂ ਨਗਰ ਕੌਂਸਲ ਦੇ ਪ੍ਰਧਾਨ ਰਣਵੀਰ ਸਿੰਘ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਅੱਜ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦਿਆਂ ਲਈ ਹੋਈ ਚੋਣ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਪ ਵਿੱਚ ਸ਼ਾਮਲ ਹੋਣ ਵਾਲੇ ਕੌਂਸਲਰ ਰਾਜੇਸ਼ ਕੁਮਾਰ ਸੋਨੀ ਜਲੂਰ ਨੂੰ ਨਗਰ ਕੌਂਸਲ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਭਾਜਪਾ ਨੂੰ ਛੱਡ ਕੇ ਆਪ ਵਿੱਚ ਆਈ ਕੌਂਸਲਰ ਪ੍ਰੀਤੀ ਜੈਨ ਨੂੰ ਦੂਜੀ ਵਾਰ ਮੀਤ ਪ੍ਰਧਾਨ ਚੁਣ ਲਿਆ ਗਿਆ।
ਐੱਸਡੀਐੱਮ ਪਾਤੜਾਂ ਅੰਕੁਰਜੀਤ ਸਿੰਘ ਦੀ ਦੇਖ-ਰੇਖ ਹੇਠ ਚੱਲੀ ਚੋਣ ਪ੍ਰਕਿਰਿਆ ਦੌਰਾਨ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਕਾਂਗਰਸੀ ਕੌਂਸਲਰ ਪ੍ਰੇਮ ਚੰਦ ਗੁਪਤਾ ਨੇ ਸੋਨੀ ਜਲੂਰ ਦਾ ਨਾਂ ਪੇਸ਼ ਕੀਤਾ ਜਿਸ ਦੀ ਤਾਈਦ ਪ੍ਰਧਾਨ ਰਣਵੀਰ ਸਿੰਘ ਨੇ ਕੀਤੀ। ਮੀਤ ਪ੍ਰਧਾਨ ਦੇ ਅਹੁਦੇ ਲਈ ਪ੍ਰੀਤੀ ਜੈਨ ਦਾ ਨਾਮ ਕਾਂਗਰਸੀ ਕੌਂਸਲਰ ਰਣਜੀਤ ਅਰੋੜਾ ਬਿੱਲਾ ਨੇ ਪੇਸ਼ ਕੀਤਾ ਅਤੇ ਉਸ ਦੀ ਤਾਈਦ ਕੌਂਸਲਰ ਸੁਮਨ ਅਤੇ ਰਿੰਕੂ ਸਿੰਘ ਨੇ ਕੀਤੀ, ਜਿਸ ਨੂੰ ਹਾਲ ਵਿੱਚ ਮੌਜੂਦ ਸਾਰੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਕੌਂਸਲਰ ਭਗਵਤ ਦਿਆਲ ਨਿੱਕਾ, ਕੌਂਸਲਰ ਲਾਲੀ ਮਹੰਤ, ਗੁਲਾਬ ਸਿੰਘ ਹਰਿਆਊ, ਸੀਏ ਰਾਜੇਸ਼ ਕੁਮਾਰ, ਮਨਜੀਤ ਸਿੰਘ ਵਿਰਕ, ਹਿਟਲਰ ਸਿੰਘ ਮੌਲਵੀਵਾਲਾ, ਤੇਜਿੰਦਰ ਸਿੰਘ ਤੇਜੀ ਬੂਰੜ, ਜਸਵਿੰਦਰ ਸਿੰਘ ਸ਼ੇਰਗੜ੍ਹ, ਹਰਜੀਤ ਸਿੰਘ ਤੇਈਪੁਰ ਆਦਿ ਹਾਜ਼ਰ ਸਨ।
ਨਗਰ ਕੌਂਸਲ ਧੂਰੀ: ਪ੍ਰਧਾਨ ਵਿਰੁੱਧ ਬੇਭਰੋਸਗੀ ਦੇ ਮਤੇ ਦਾ ਰੇੜਕਾ ਬਰਕਰਾਰ
ਧੂਰੀ (ਹਰਦੀਪ ਸਿੰਘ ਸੋਢੀ): ਸਥਾਨਕ ਨਗਰ ਕੌਂਸਲ ਦੀ ਪ੍ਰਧਾਨ ਦੀ ਕੁਰਸੀ ਨੂੰ ਪੈਦਾ ਹੋਇਆ ਖ਼ਤਰਾ ਅਜੇ ਬਰਕਰਾਰ ਹੈ। ਭਾਵੇਂ ਕਈ ਕੌਂਸਲਰਾਂ ਵੱਲੋਂ ਬੇਭਰੋਸਗੀ ਦਾ ਮਤਾ ਲਿਆਉਣ ਦੀ ਮੰਗ ਨੂੰ ਲੈ ਕੇ ਰੱਖੀ ਮੀਟਿੰਗ ਲਈ ਨਿਯੁਕਤ ਕੀਤੀ ਗਈ ਕਨਵੀਨਰ ਐੱਸਡੀਐੱਮ ਧੂਰੀ ਵੱਲੋਂ ਛੁੱਟੀ ’ਤੇ ਜਾਣ ਕਾਰਨ ਹਾਲ ਦੀ ਘੜੀ ਇਹ ਮਸਲਾ ਅਜੇ ਟਲ ਗਿਆ, ਪਰ ਨਗਰ ਕੌਸਲ ਦੀ ਮੌਜੂਦਾ ਪ੍ਰਧਾਨ ਸ੍ਰੀਮਤੀ ਪੁਸ਼ਪਾ ਰਾਣੀ ਤਾਇਲ ਨੇ ਮੀਟਿੰਗ ਰੱਦ ਹੋਣ ‘ਤੇ ਕਿੰਤੂ ਕਰਦਿਆਂ ਕਿਹਾ ਕਿ ਕੁਝ ਕੌਂਸਲਰਾਂ ਵੱਲੋਂ ਉਨ੍ਹਾਂ ’ਤੇ ਬੇਭਰੋਸਗੀ ਪ੍ਰਗਟ ਕਰਦਿਆਂ ਕਾਰਜ ਸਾਧਕ ਅਫਸਰ ਰਾਹੀਂ ਬਹੁਮਤ ਸਾਬਿਤ ਕਰਨ ਲਈ ਮੀਟਿੰਗ ਦੀ ਮੰਗ ਕੀਤੀ ਗਈ ਸੀ, ਜਿਸ ਸਬੰਧੀ ਉਨ੍ਹਾਂ ਵੱਲੋਂ ਏਜੰਡਾ ਜਾਰੀ ਕਰਕੇ ਅੱਜ 04:00 ਵਜੇ ਸ਼ਾਮ ਦਾ ਸਮਾਂ ਤੈਅ ਹੋਇਆ ਸੀ, ਪਰ ਅਚਨਚੇਤ ਮੀਟਿੰਗ ਰੱਦ ਕੀਤੇ ਜਾਣ ਦੇ ਬਾਵਜੂਦ ਉਹ ਅੱਜ ਦੀ ਮੀਟਿੰਗ ਵਿੱਚ ਉਨ੍ਹਾਂ ਖਿਲਾਫ਼ ਬੇਭਰੋਸਗੀ ਮਤੇ ਦਾ ਟਾਕਰਾ ਕਰਨ ਲਈ ਹਾਜ਼ਰ ਹੋਏ, ਪਰ ਬੇਭਰੋਸਗੀ ਮੀਟਿੰਗ ਦੀ ਮੰਗ ਕਰਨ ਵਾਲਿਆਂ ਵਿੱਚੋਂ ਕੋਈ ਵੀ ਕੌਂਸਲਰ ਹਾਜਰ ਨਹੀਂ ਹੋਇਆ| ਉਨ੍ਹਾਂ ਇਸ ਮੌਕੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸਾਥੀ ਕੌਸਲਰਾਂ ਦਾ ਬਹੁਮਤ ਅੱਜ ਵੀ ਹਾਸਲ ਹੈ| ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਪਾਸੋਂ ਮਤਾ ਕਾਰਵਾਈ ਰਜਿਸਟਰ ਦੀ ਮੰਗ ਕੀਤੀ ਗਈ ਸੀ, ਪਰ ਕਾਰਜਸਾਧਕ ਅਫਸਰ ਨੇ ‘ਕਨਵੀਨਰ ਦੀ ਗੈਰ ਹਾਜ਼ਰੀ ਵਿੱਚ ਮਤਾ ਕਾਰਵਾਈ ਰਜਿਸਟਰ’ ਦੇਣ ਤੋਂ ਇਨਕਾਰ ਕਰ ਦਿੱਤਾ| ਉਨ੍ਹਾਂ ਕਿਹਾ ਕਿ ਉਹ ਬਗੈਰ ਕਿਸੇ ਸਿਆਸੀ ਮਤਭੇਦ ਤੋਂ ਧੂਰੀ ਸ਼ਹਿਰ ਦਾ ਚੁਫੇਰਿਓ ਵਿਕਾਸ ਕਰਵਾ ਰਹੇ ਹਨ ਅਤੇ ਅੱਗੇ ਨੂੰ ਬਗੈਰ ਪੱਖਪਾਤ ਤੋਂ ਵਿਕਾਸ ਜਾਰੀ ਰੱਖਿਆ ਜਾਵੇਗਾ | ਉਨ੍ਹਾਂ ਹਲਕੇ ਦੀ ਬਤੌਰ ਵਿਧਾਇਕ ਨੁਮਾਇੰਦਗੀ ਕਰ ਰਹੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਜੇਕਰ ਉਹ ਚਾਹੁਣ ਤਾਂ ਉਹ ਅਸਤੀਫਾ ਦੇਣ ਲਈ ਵੀ ਤਿਆਰ ਹਨ|