ਰਾਜਿੰਦਰ ਜੈਦਕਾ
ਅਮਰਗੜ੍ਹ, 16 ਮਈ
ਪਿੰਡ ਲਾਡੇਵਾਲ ਤੋਂ ਕਿਸਾਨਾਂ ਦਾ 15 ਜੱਥਾ ਸਿੰਘੂ ਬਾਰਡਰ ਲਈ ਭੇਜਿਆ ਗਿਆ। ਪ੍ਰਧਾਨ ਬਲਵਿੰਦਰ ਸਿੰਘ, ਸਿਕੰਦਰ ਸਿੰਘ ਤੇ ਜਥੇ ਨੌਰੰਗ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਹਰ ਹਫ਼ਤੇ ਇੱਕ ਜੱਥਾ ਸਿੰਘੂ ਬਾਰਡਲ ਲਈ ਭੇਜਿਆ ਜਾਂਦਾ ਹੈ, ਜੋ ਦੁੱਧ, ਆਟਾ, ਦਾਲਾਂ, ਸਬਜ਼ੀਆਂ ਤੇ ਹੋਰ ਜ਼ਰੂਰੀ ਸਾਮਾਨ ਲੈ ਕੇ ਰਵਾਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਿਨੀ ਦੇਰ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਨੀ ਦੇਰ ਪਿੰਡਾਂ ਵਿੱਚ ਦਿੱਲੀ ਲਈ ਜਥੇ ਜਾਂਦੇ ਰਹਿਣਗੇ। ਕੇਂਦਰ ਸਰਕਾਰ ਕਰੋਨਾ ਦੇ ਨਾਂ ’ਤੇ ਕਿਸਾਨਾਂ ਨੂੰ ਡਰਾ ਰਹੀ ਹੈ। ਕਿਸਾਨਾਂ ਲਈ ਕਰੋਨਾ ਨਾਲੋਂ ਜ਼ਿਆਦਾ ਭਿਆਣਕ ਖੇਤੀ ਵਿਰੋਧੀ ਕਾਨੂੰਨ ਹਨ। ਕਰੋਨਾ ਨਾਲ ਤਾਂ ਕੁਝ ਕਿਸਾਨ ਹੀ ਮਰਨਗੇ ਪਰ ਤਿੰਨ ਖੇਤੀ ਵਿਰੋਧੀ ਕਾਨੂੰਨ ਕਿਸਾਨੀ ਨੂੰ ਖਤਮ ਕਰਕੇ ਪੰਜਾਬ ਨੂੰ ਹੀ ਖਤਮ ਕਰ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਾਰਾ ਅਰਥਚਾਰਾ ਕਿਸਾਨੀ ’ਤੇ ਨਿਰਭਰ ਹੈ। ਜੇ ਕਿਸਾਨੀ ਹੀ ਖਤਮ ਹੋ ਗਈ ਤਾਂ ਦੁਕਾਨਦਾਰ, ਮਜ਼ਦੂਰ ਤੇ ਹਰ ਤਬਕੇ ਦੇ ਲੋਕ ਬਰਬਾਦ ਹੋ ਜਾਣਗੇ। ਇਸ ਮੌਕੇ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੁਰਿੰਦਰਪਾਲ ਸਿੰਘ, ਹਰਜਿੰਦਰ ਸਿੰਘ ਨੰਬਰਦਾਰ, ਅਵਤਾਰ ਸਿੰਘ ਨੰਬਰਦਾਰ, ਟਹਿਲ ਸਿੰਘ, ਜਗਜੀਤ ਸਿੰਘ, ਸਰਪੰਚ ਧੰਨਾ ਸਿੰਘ, ਕੁਲਵਿੰਦਰ ਸਿੰਘ, ਜੋਰਾ ਸਿੰਘ ਪੰਚ, ਹਰਨੇਕ ਸਿੰਘ, ਮੇਜਰ ਸਿੰਘ, ਦੀਦਾਰ ਸਿੰਘ, ਸਵਰਨ ਸਿੰਘ ਆਦਿ ਹਾਜ਼ਰ ਸਨ।
ਵੱਡੀ ਗਿਣਤੀ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦਾ ਐਲਾਨ
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ) ਅਗਲੇ ਹਫਤੇ ਇਲਾਕੇ ਵਿੱਚੋਂ ਹਜ਼ਾਰਾਂ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ। ਇਹ ਐਲਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਕੀਤਾ। ਇਥੋਂ ਦੇ ਗੁਰਦੁਆਰਾ ਸੱਚਖੰਡ ਵਿਖੇ ਹੋਈ ਮੀਟਿੰਗ ਵਿੱਚ ਕਿਸਾਨ ਆਗੂ ਜਸਵੰਤ ਸਿੰਘ ਤੋਲਾਵਾਲ, ਸੁਖਪਾਲ ਮਾਣਕ ਕਣਕਵਾਲੀਆ, ਰਾਮ ਸਰਨ ਸਿੰਘ ਉਗਰਾਹਾਂ, ਗੋਬਿੰਦ ਸਿੰਘ ਚੱਠੇ, ਮਹਿੰਦਰ ਸਿੰਘ ਨਮੋਲ, ਸਤਗੁਰ ਸਿੰਘ ਨਮੋਲ, ਰਾਮਪਾਲ ਸੁਨਾਮ ਅਤੇ ਭੋਲਾ ਸਿੰਘ ਸੰਗਰਾਮੀ ਆਦਿ ਨੇ ਕਿਹਾ ਕਿ ਦਿੱਲੀ ਮੋਰਚੇ ਵਿੱਚ ਬੈਠੇ ਕਿਸਾਨ ਭਰਾਵਾਂ ਦੇ ਮਨੋਬਲ ਨੂੰ ਬਣਾਈ ਰੱਖਣ ਲਈ ਆਉਂਦੇ ਦਿਨਾਂ ਵਿੱਚ ਪਿੰਡਾਂ ਵਿੱਚੋਂ ਵੱਡੇ ਕਾਫਲੇ ਦਿੱਲੀ ਨੂੰ ਰਵਾਨਾ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲਾਮਬੰਦੀ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਿੰਡਾਂ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 18 ਮਈ ਤੋਂ 26 ਮਈ ਤੱਕ ਹਜ਼ਾਰਾਂ ਕਿਸਾਨ ਅਤੇ ਕਿਸਾਨੀ ਸੰਘਰਸ਼ ਦੇ ਸਮਰਥਕ, ਖਨੌਰੀ ਤੇ ਡੱਬਵਾਲੀ ਬਾਰਡਰਾਂ ਰਾਹੀਂ ਦਿੱਲੀ ਵੱਲ ਨੂੰ ਕੂਚ ਕਰਨਗੇ। ਆਗੂਆਂ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਕਿਸਾਨ ਮੋਰਚੇ ਨੂੰ ਪ੍ਰਚੰਡ ਰੱਖਿਆ ਜਾਵੇਗਾ। ਦੂਜੇ ਪਾਸੇ ਸੁਨਾਮ ਵਿੰਚ ਰਿਲਾਇੰਸ ਦੇ ਟਰੈਂਡਜ਼ ਮਾਲ ਅੱਗੇ ਚੱਲ ਰਹੇ ਪੱਕੇ ਕਿਸਾਨੀ ਮੋਰਚੇ ਵਿੱਚ ਕਿਸਾਨਾਂ ਦੀ ਸ਼ਮੂਲੀਅਤ ਬਰਕਰਾਰ ਹੈ।