ਸੁੰਦਰ ਨਾਥ ਆਰੀਆ/ਰਾਜਿੰਦਰ ਕੁਮਾਰ
ਅਬੋਹਰ/ਬੱਲੂਆਣਾ, 11 ਜਨਵਰੀ
ਸ਼ਹਿਰ ਦੇ ਮੁੱਖ ਬੱਸ ਅੱਡੇ ਨੇੜੇ ਅੱਜ ਦਿਨ ਦਿਹਾੜੇ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਹਨੀ (25) ਵਜੋਂ ਕੀਤੀ ਗਈ ਹੈ। ਇਸ ਵਾਰਦਾਤ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਲਾਸ਼ ਨੂੰ ਥਾਣਾ ਸਿਟੀ ਅਬੋਹਰ ਦੇ ਗੇਟ ਅੱਗੇ ਰੱਖ ਕੇ ਰੋਸ ਦਿਖਾਵਾ ਸ਼ੁਰੂ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ਉਪਰੰਤ ਅਬੋਹਰ ਦੇ ਡੀਐੱਸਪੀ ਸੰਦੀਪ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਹਨੀ ਬੱਸ ਅੱਡੇ ਲਾਗੇ ਆਪਣੇ ਘਰ ਵਿਚ ਦੁਪਹਿਰ ਵੇਲੇ ਰੋਟੀ ਖਾ ਰਿਹਾ ਸੀ। ਇਸੇ ਦੌਰਾਨ ਦੋ ਨੌਜਵਾਨਾਂ ਨੇ ਉਸ ਨੂੰ ਆਵਾਜ਼ ਮਾਰ ਕੇ ਗਲੀ ਵਿੱਚ ਬੁਲਾ ਲਿਆ। ਉਹ ਜਦੋਂ ਘਰ ਤੋਂ ਬਾਹਰ ਆਇਆ ਆਵਾਜ਼ ਮਾਰਨ ਵਾਲੇ ਨੌਜਵਾਨਾਂ ਨੇ ਆਪਣੇ ਦੋ ਹੋਰ ਸਾਥੀਆਂ ਸਣੇ ਹਨੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਹਨੀ ਨੇ ਦਮ ਤੋੜ ਦਿੱਤਾ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਮ੍ਰਿਤਕ ਦੀ ਲਾਸ਼ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਪਹੁੰਚਾਈ। ਇਸੇ ਦੌਰਾਨ ਮ੍ਰਿਤਕ ਦੇ ਵਾਰਸਾਂ ਨੇ ਉਸ ਦੀ ਲਾਸ਼ ਨੂੰ ਹਸਪਤਾਲ ਤੋਂ ਥਾਣਾ ਸਿਟੀ ਅਬੋਹਰ ਦੇ ਗੇਟ ’ਤੇ ਲਿਆਂਦਾ ਅਤੇ ਰੋਸ ਦਿਖਾਵਾ ਸ਼ੁਰੂ ਕਰ ਦਿੱਤਾ। ਪੁਲੀਸ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਇਕ ਮੋਟਰਸਾਈਕਲ ’ਤੇ ਸਵਾਰ ਚਾਰ ਜਣੇ ਹਨੀ ਦੇ ਘਰ ਕੋਲ ਪਹੁੰਚੇ ਸਨ। ਸੀਸੀਟੀਵੀ ਕੈਮਰਿਆਂ ਦੇ ਫੁਟੇਜ ਦੇ ਆਧਾਰ ’ਤੇ ਪੁਲੀਸ ਪੜਤਾਲ ਅੱਗੇ ਵਧਾ ਰਹੀ ਹੈ। ਸੀਸੀਟੀਵੀ ਫੁਟੇਜ ਮੁਤਾਬਕ ਹਮਲਾਵਰਾਂ ਨੇ ਯੋਜਨਾਬੱਧ ਤਰੀਕੇ ਨਾਲ ਹਨੀ ਦੀ ਹੱਤਿਆ ਕੀਤੀ ਹੈ।