ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਜੁਲਾਈ
ਰਿੰਕਲ ਕਤਲ ਕਾਂਡ ’ਚ ਕਮਿਸ਼ਨਰੇਟ ਪੁਲੀਸ ਨੇ ਟਿਫ਼ਨ ਬੰਬ ਮਾਮਲੇ ’ਚ ਦੋ ਮਹੀਨੇ ਪਹਿਲਾਂ ਗ੍ਰਿਫ਼ਤਾਰ ਹੋਏ ਗੈਂਗਸਟਰ ਸੰਨੀ ਨਾਈ ਨੂੰ ਨਵਾਂ ਸ਼ਹਿਰ ਦੀ ਜੇਲ੍ਹ ਤੋਂ ਇੱਥੇ ਪ੍ਰੋਡਕਸ਼ਨ ਲਿਆਂਦਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਕੁਲਦੀਪ ਕੁਮਾਰ ਉਰਫ਼ ਸੰਨੀ ਨਾਈ ਚਾਰ ਸਾਲ ਪਹਿਲਾਂ ਹੋਏ ਰਿੰਕਲ ਕਤਲ ਕੇਸ ’ਚ ਨਾਮਜ਼ਦ ਸੀ, ਜੋ ਇੱਥੇ ਨੀਮ ਵਾਲਾ ਚੌਕ ਇਲਾਕੇ ’ਚ ਰਹਿੰਦਾ ਸੀ। ਏਡੀਸੀਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ ਤੇ ਉਸ ਨੂੰ ਰਿਮਾਂਡ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰਪੁਰਾ ਇਲਾਕੇ ਦੇ ਰਹਿਣ ਵਾਲੇ ਰਿੰਕਲ ਖੇੜਾ ਨੂੰ ਚਾਰ ਸਾਲ ਪਹਿਲਾਂ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਨੀਟੂ ਦੇ ਲੜਕੇ ਸੰਨੀ ਦੇ ਕਹਿਣ ’ਤੇ ਕੁਝ ਨੌਜਵਾਨਾਂ ਨੇ ਘਰ ’ਚ ਦਾਖਲ ਹੋ ਕੇ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਇਸ ਮਗਰੋਂ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਤਪਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਸੀ। ਉਸ ਵੇਲੇ ਪੁਲੀਸ ਨੇ ਕੌਂਸਲਰ ਗੁਰਦੀਪ ਸਿੰਘ ਨੀਟੂ ਦੇ ਲੜਕੇ ਸਣੇ 12 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਸੀ। ਇਨ੍ਹਾਂ ਵਿੱਚੋਂ ਤਿੰਨ ਜਣਿਆਂ ਨੂੰ ਕਲੀਨ ਚਿਟ ਮਿਲ ਗਈ ਸੀ। ਇਸ ਤੋਂ ਇਲਾਵਾ ਅਦਾਲਤ ਨੇ ਕੌਂਸਲਰ ਦੇ ਲੜਕੇ ਜਤਿੰਦਰਪਾਲ ਸਿੰਘ ਉਰਫ਼ ਸੰਨੀ, ਗੁਰਮੀਤ ਸਿੰਘ ਗੁੱਡੂ, ਮਨਮੀਤ ਸਿੰਘ ਮਨੀ, ਮਨਮੀਤ ਸਿੰਘ ਲੰਬੜ, ਵਿਸ਼ਾਲ ਤੇ ਸੁਖਦੀਪ ਦੀਪੂ ਨੂੰ ਜੇਲ੍ਹ ਭੇਜ ਦਿੱਤਾ ਸੀ।