ਪੱਤਰ ਪ੍ਰੇਰਕ
ਫਿਲੌਰ, 28 ਅਕਤੂਬਰ
ਪੰਜਾਬ ਦੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਕਿਹਾ ਕਿ ਐੱਨਆਰਆਈ ਥਾਣਿਆਂ ਵਿੱਚ ਪਰਵਾਸੀ ਭਾਰਤੀਆਂ ਦੇ ਮਾਮਲਿਆਂ ਨੂੰ ਪੂਰੀ ਤਰਜੀਹ ਦਿੰਦਿਆਂ ਢੁੱਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਐੱਨਆਰਆਈ ਥਾਣਿਆਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਦੋ-ਦੋ ਲੱਖ ਰੁਪਏ ਦਿੱਤੇ ਜਾ ਰਹੇ ਹਨ। ਇੱਥੋਂ ਦੀ ਪੰਜਾਬ ਪੁਲੀਸ ਅਕੈਡਮੀ ਵਿੱਚ ਐੱਨਆਰਆਈ ਵਿੰਗ ਵੱਲੋਂ ਕਰਵਾਏ ਗਏ ਸੂਬਾ ਪੱਧਰੀ ਟ੍ਰੇਨਿੰਗ ਪ੍ਰੋਗਰਾਮ ਵਿੱਚ ਸੰਬੋਧਨ ਕਰਦਿਆਂ ਮੰਤਰੀ ਧਾਲੀਵਾਲ ਨੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਐੱਨਆਰਆਈ ਥਾਣਿਆਂ ਵਿੱਚ ਆਉਣ ਵਾਲੇ ਪਰਵਾਸੀ ਭਾਰਤੀਆਂ ਦੇ ਮਸਲਿਆਂ ਦਾ ਜਲਦੀ ਤੋਂ ਜਲਦੀ ਹੱਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾਣ ਤਾਂ ਜੋ ਪਰਵਾਸੀ ਭਾਰਤੀ ਨੂੰ ਫੌਰੀ ਨਿਆਂ ਹਾਸਲ ਕਰਨ ਵਿੱਚ ਕੋਈ ਔਕੜ ਪੇਸ਼ ਨਾ ਆਵੇ।