ਨਿੱਜੀ ਪੱਤਰ ਪ੍ਰੇਰਕ
ਜਲੰਧਰ, 2 ਮਈ
ਪੁਲੀਸ ਥਾਣੇ ਦੇ ਵਿਹੜੇ ਵਿਚ ਅੱਜ ਸ਼ਗਨਾਂ ਵਾਲਾ ਮਾਹੌਲ ਬਣ ਗਿਆ। ਥਾਣਾ ਬਾਰਾਂਦਰੀ ’ਚ ਪੁਲੀਸ ਨੇ ਇਕ ਬਾਲਗ ਲੜਕੇ ਤੇ ਲੜਕੀ ਦੇ ਵਿਆਹ ’ਚ ਮਦਦ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਵਿਆਹ ਕਰਾਉਣ ਵਾਲੇ ਕੁੜੀ ਅਤੇ ਮੁੰਡੇ ਦੇ ਮਾਪੇ ਇਸ ਵਿਆਹ ਲਈ ਰਾਜ਼ੀ ਨਹੀਂ ਸਨ। ਜਦੋਂ ਦੋਵਾਂ ਧਿਰਾਂ ਦੇ ਮਾਪੇ ਇਸ ਗੱਲੋਂ ਖਾਸੇ ਨਾਰਾਜ਼ ਚੱਲ ਰਹੇ ਸਨ ਤਾਂ ਮੁੰਡੇ ਤੇ ਕੁੜੀ ਨੇ ਸ਼ਿਵ ਸੈਨਾ ਸਮਾਜਵਾਦੀ ਦੀ ਸਹਾਇਤਾ ਨਾਲ ਪੁਲੀਸ ਤੱਕ ਪਹੁੰਚ ਕੀਤੀ।
ਉਨ੍ਹਾਂ ਆਪਣੇ ਆਪ ਨੂੰ ਬਾਲਗ ਦੱਸਦਿਆਂ ਵਿਆਹ ਕਰਵਾਉਣ ਦੀ ਇੱਛਾ ਪ੍ਰਗਟਾਈ। ਇਸ ਦੌਰਾਨ ਪੁਲੀਸ ਨੇ ਕੁੜੀ ਤੇ ਮੁੰਡੇ ਦੇ ਬਾਲਗ ਹੋਣ ਦੇ ਪ੍ਰਮਾਣ ਪੱਤਰ ਘੋਖਣ ਤੋਂ ਬਾਅਦ ਦੋਵਾਂ ਦਾ ਵਿਆਹ ਕਰਵਾ ਦਿੱਤਾ। ਜਥੇਬੰਦੀ ਦੀ ਆਗੂ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ ਕਿ ਮੁੰਡਾ-ਕੁੜੀ ਦੋਵੇਂ ਬਾਲਗ ਹਨ ਅਤੇ ਉਨ੍ਹਾਂ ਦੇ ਮਾਪੇ ਵਿਆਹ ਵਿਚ ਅੜਿੱਕਾ ਬਣ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਵਿਚ ਕਮਿਸ਼ਨਰੇਟ ਪੁਲੀਸ ਨੇ ਉਨ੍ਹਾਂ ਦਾ ਸਹਿਯੋਗ ਕੀਤਾ ਹੈ। ਥਾਣੇ ਦੇ ਅੰਦਰ ਹੀ ਮੁੰਡੇ ਤੇ ਕੁੜੀ ਨੇ ਇਕ-ਦੂਜੇ ਨੂੰ ਜੈਮਾਲਾ ਪਾਈ ਤੇ ਮੁੰਡੇ ਨੇ ਕੁੜੀ ਦੇ ਗਲ ਵਿੱਚ ਮੰਗਲਸੂਤਰ ਪਾ ਕੇ ਸੰਧੂਰ ਭਰਿਆ। ਹਾਲਾਂਕਿ ਉੱਥੇ ਵਿਆਹ ਕਰਵਾਉਣ ਵਾਲੇ ਜੋੜੇ ਦੇ ਨਾਨਕਿਆਂ ਵਿੱਚੋਂ ਕੁਝ ਰਿਸ਼ਤੇਦਾਰ ਵੀ ਹਾਜ਼ਰ ਸਨ।