ਜਗਜੀਤ ਸਿੰਘ
ਮੁਕੇਰੀਆਂ, 6 ਮਈ
ਕੇਂਦਰੀ ਖਰੀਦ ਏਜੰਸੀ ਐੱਫਸੀਆਈ ਵੱਲੋਂ ਨੌਸ਼ਿਹਰਾ ਪੱਤਣ ਮੰਡੀ ਵਿੱਚ ਬੀਤੀ 3 ਮਈ ਤੋਂ ਬੰਦ ਕੀਤੀ ਖਰੀਦ ਅਤੇ 19 ਅਪਰੈਲ ਤੋਂ ਬਾਅਦ ਅਦਾਇਗੀ ਨਾ ਕਰਨ ਖ਼ਿਲਾਫ਼ ਭਲਕੇ ਨੌਸ਼ਿਹਰਾ ਮੰਡੀ ਦੇ ਆੜ੍ਹਤੀਆਂ ਤੇ ਕਿਸਾਨਾਂ ਨੇ ਮੁਕੇਰੀਆਂ-ਗੁਰਦਾਸਪੁਰ ਰਾਜ ਮਾਰਗ ਜਾਮ ਕਰਨ ਦਾ ਐਲਾਨ ਕੀਤਾ ਹੈ।
ਮੰਡੀ ਦੇ ਆੜ੍ਹਤੀਆਂ ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਠੇਕੇਦਾਰ ਚਰਨ ਦਾਸ, ਲਖਵੀਰ ਸਿੰਘ ਆਹਲੂਵਾਲੀਆ ਅਤੇ ਕਰਨੈਲ ਸਿੰਘ ਨੇ ਦੱਸਿਆ ਕਿ ਨੁਸ਼ਿਹਰਾ ਮੰਡੀ ਦੀ ਖਰੀਦ ਏਜੰਸੀ ਐੱਫਸੀਆਈ ਨੇ ਬੀਤੀ 3 ਮਈ ਤੋਂ ਖਰੀਦ ਬੰਦ ਕੀਤੀ ਹੋਈ ਹੈ ਅਤੇ 19 ਅਪਰੈਲ ਤੋਂ ਬਾਅਦ ਦੀ ਅਦਾਇਗੀ ਵੀ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਮੁਕੇਰੀਆਂ ਦੀਆਂ 25 ਮੰਡੀਆਂ ਵਿੱਚੋਂ ਐੱਫਸੀਆਈ ਨੂੰ ਕੇਵਲ ਇੱਕ ਮੰਡੀ ਹੀ ਅਲਾਟ ਹੋਈ ਹੈ ਅਤੇ ਉਸ ਵਿੱਚ ਵੀ ਨਿਰਧਾਰਿਤ ਕੋਟਾ ਪੂਰਾ ਹੋਣ ਦਾ ਦਾਅਵਾ ਕਰਕੇ ਖਰੀਦ ਬੰਦ ਕਰ ਦੇਣਾ ਧੱਕੇਸ਼ਾਹੀ ਹੈ। ਕਿਸਾਨਾਂ ਨੇ ਕਿਹਾ ਕਿ ਮੰਡੀ ਵਿੱਚ ਹਾਲੇ ਕਰੀਬ 8 ਹਜ਼ਾਰ ਬੋਰੀ ਦਾ ਮਾਲ ਪਿਆ ਹੈ ਅਤੇ ਕਣਕ ਦੀ ਖਰੀਦ ਦਾ ਕੰਮ 10 ਮਈ ਤੱਕ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਮਸਲਾ ਮੰਡੀ ਅਧਿਕਾਰੀਆਂ ਤੋਂ ਲੈ ਕੇ ਖੁਰਾਕ ਅਧਿਕਾਰੀਆਂ ਤੇ ਐੱਸਡੀਐੱਮ ਸਮੇਤ ਵਿਧਾਇਕਾਂ ਤੇ ਡਿਪਟੀ ਕਮਿਸ਼ਨਰ ਕੋਲ ਵੀ ਉਠਾ ਚੁੱਕੇ ਹਨ ਪਰ ਕੋਈ ਅਧਿਕਾਰੀ ਸੁਣਵਾਈ ਨਹੀਂ ਕਰ ਰਿਹਾ। ਕਿਸਾਨ ਨਿਰਮਲ ਸਿੰਘ, ਗੁਰਨਾਮ ਸਿੰਘ, ਬਲਕਾਰ ਸਿੰਘ ਅਤੇ ਤਰਸੇਮ ਸਿੰਘ ਨੇ ਦੱਸਿਆ ਕਿ ਮੌਸਮ ਦੀ ਖਰਾਬੀ ਕਾਰਨ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਖ਼ਰਾਬ ਹੋਣ ਦਾ ਡਰ ਹੈ ਤੇ ਕਿਸਾਨ ਬਾਹਰੀ ਮੰਡੀਆਂ ਵਿੱਚ ਜਾ ਕੇ ਫ਼ਸਲ ਨਹੀਂ ਵੇਚ ਸਕਦੇ ਕਿਉਂਕਿ ਕਈਆਂ ਕੋਲ ਆਵਾਜਾਈ ਦੇ ਸਾਧਨ ਨਹੀਂ ਹਨ। ਉਨ੍ਹਾਂ ਐਲਾਨ ਕੀਤਾ ਕਿ ਉਹ ਭਲਕੇ 7 ਮਈ ਨੂੰ ਆੜ੍ਹਤੀਆਂ ਨਾਲ ਮਿਲ ਕੇ ਰਾਜ ਮਾਰਗ ’ਤੇ ਸੜਕੀ ਆਵਾਜਾਈ ਠੱਪ ਕਰਨਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।
ਨਿਰਧਾਰਤ ਖ਼ਰੀਦ ਮੁਕੰਮਲ: ਐੱਫਸੀਆਈ
ਮਾਰਕੀਟ ਕਮੇਟੀ ਦੇ ਸਕੱਤਰ ਬਿਕਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਇਹ ਮਾਮਲਾ ਵਿਭਾਗੀ ਉੱਚ ਅਧਿਕਾਰੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਪਰ ਹਾਲੇ ਮਸਲੇ ਦਾ ਹੱਲ ਨਹੀਂ ਹੋ ਰਿਹਾ। ਐੱਫਸੀਆਈ ਦੇ ਜ਼ਿਲ੍ਹਾ ਮੈਨੇਜਰ ਕੁਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਨਿਰਧਾਰਿਤ ਖਰੀਦ ਤੋਂ ਵੱਧ ਖਰੀਦ ਕਰ ਚੁੱਕੇ ਹਨ ਅਤੇ ਨੌਸ਼ਿਹਰਾ ਮੰਡੀ ਵਿੱਚ ਬਾਹਰੀ ਮੰਡੀਆਂ ਤੋਂ ਮਾਲ ਆ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਐੱਫਸੀਆਈ ਨੂੰ ਜ਼ਿਲ੍ਹੇ ਅੰਦਰ 20 ਫੀਸਦੀ ਕਣਕ ਖਰੀਦ ਕਰਨ ਦੀ ਅਲਾਟ ਹੋਈ ਸੀ ਪਰ ਉਨ੍ਹਾਂ 24-25 ਫੀਸਦੀ ਤੱਕ ਖਰੀਦ ਕਰ ਲਈ ਹੈ। ਜਦੋਂ ਕਿ ਸੂਬੇ ਦੀਆਂ ਖਰੀਦ ਏਜੰਸੀਆਂ ਨੇ ਹਾਲੇ ਤੱਕ 50-70 ਫੀਸਦੀ ਹੀ ਕਣਕ ਖਰੀਦੀ ਹੈ। ਐੱਫਸੀਆਈ ਦੇ ਅਕਾਊਂਟ ਮੈਨੇਜਰ ਬਲਵਿੰਦਰ ਰਾਮ ਨੇ ਕਿਹਾ ਕਿ ਨੌਸ਼ਿਹਰਾ ਮੰਡੀ ਦੀ 19 ਤੋਂ 24 ਮਈ ਤੱਕ ਦੀ ਅਦਾਇਗੀ ਬੀਤੇ ਦਿਨ ਖਾਤਿਆਂ ਵਿੱਚ ਪਾ ਦਿੱਤੀ ਹੈ ਅਤੇ ਰਹਿੰਦੀ ਅਦਾਇਗੀ ਵੀ ਜਲਦ ਕੀਤੀ ਜਾਵੇਗੀ।