ਡਾ. ਹਿਮਾਂਸ਼ੂ ਸੂਦ
ਫਤਹਿਗੜ੍ਹ ਸਾਹਿਬ, 14 ਅਕਤੂਬਰ
ਜ਼ਿਲ੍ਹਾ ਪੁਲੀਸ ਨੇ ਕਪੂਰਥਲਾ ਤੇ ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਨੂੰ ਲਿਆ ਕੇ ਅਸਲਾ ਬਰਾਮਦ ਕੀਤਾ ਹੈ। ਇਸ ਸਬੰਧੀ ਅੱਜ ਇਥੇ ਰੂਪਨਗਰ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਤਰਨਜੋਤ ਉਰਫ਼ ਤੰਨਾ ਵਾਸੀ ਲਖਨਪਾਲ ਨੂੰ ਪਾਕਿਸਤਾਨ ਸਥਿਤ ਕੱਟੜਪੰਥੀ ਲਖਬੀਰ ਰੋਡੇ ਦੇ ਇਸ਼ਾਰੇ ’ਤੇ 11 ਆਧੁਨਿਕ ਹਥਿਆਰ ਮਿਲੇ ਸਨ, ਜਿਨ੍ਹਾਂ ਵਿਚੋਂ 9 ਹਥਿਆਰ ਪਹਿਲਾਂ ਹੀ ਬਰਾਮਦ ਕਰ ਲਏ ਗਏ ਸਨ। ਅੱਜ ਉਸ ਪਾਸੋਂ 1 ਪਿਸਤੌਲ ਸੀਐੱਫ 98, 2 ਕਾਰਤੂਸ ਅਤੇ 2 ਦੇਸੀ ਪਿਸਤੌਲ 315 ਬੋਰ (ਕੱਟੇ) ਸਮੇਤ 4 ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਹਥਿਆਰ ਉਸ ਨੇ ਆਪਣੇ ਦੋਸਤ ਗੋਪੀ ਚੁਗਾਵਾ ਵਾਸੀ ਲੋਪੋਕੇ ਅੰਮ੍ਰਿਤਸਰ ਦੇ ਘਰ ਤੋਂ ਬਰਾਮਦ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਸੀ ਕਿ ਉਸ ਨੇ ਜੇਲ੍ਹ ’ਚ ਬੰਦ ਗੈਂਗਸਟਰ ਜਸਪਾਲ ਸਿੰਘ ਉਰਫ਼ ਜੱਸੀ ਵਾਸੀ ਕਲਮਾ ਥਾਣਾ ਨੂਰਪੁਰ ਬੇਦੀ ਨੂੰ ਵੀ ਅਸਲਾ ਦਿੱਤਾ ਸੀ, ਜਿਸ ਨੂੰ ਕਪੂਰਥਲਾ ਜੇਲ੍ਹ ਵਿੱਚ ਲਿਆ ਜਾਂਚ ਕੀਤੀ ਤਾਂ ਉਸ ਦੇ ਨਜ਼ਦੀਕੀ ਸਾਥੀ ਅਵਤਾਰ ਸਿੰਘ ਉਰਫ਼ ਲਾਡੀ ਵਾਸੀ ਮਾਨੋਕੇ ਦੇ ਘਰੋਂ ਗਲੋਕ 9 ਐੱਮਐੱਮ ਸਣੇ 3 ਕਾਰਤੂਸ ਅਤੇ 2 ਦੇਸੀ ਪਿਸਤੌਲ 315 ਬੋਰ ਸਮੇਤ 4 ਕਾਰਤੂਸ ਬਰਾਮਦ ਕੀਤੇ ਹਨ। ਇਨ੍ਹਾਂ ਹਥਿਆਰਾਂ ਦੀ ਬਰਾਮਦਗੀ ਨਾਲ ਤਰਨਜੋਤ ਤੰਨਾ ਨੂੰ ਪਾਕਿਸਤਾਨ ਤੋਂ ਆਈ ਸਾਰੀ ਖੇਪ ਬਰਾਮਦ ਹੋ ਗਈ ਹੈ ਅਤੇ ਨਾਲ ਹੀ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਦੀ ਸਰਹੱਦ ਪਾਰ ਕਾਰਵਾਈ ਨਾਲ ਸਬੰਧਤ ਲਿੰਕ ਵੀ ਮਿਲੇ ਹਨ, ਉਸ ਦਾ ਫ਼ੋਨ ਵੀ ਬਰਾਮਦ ਕੀਤਾ ਗਿਆ ਹੈ, ਜੋ ਕਿ ਉਹ ਫ਼ਿਰੋਜ਼ਪੁਰ ਜੇਲ੍ਹ ਵਿੱਚ ਆਪਣੇ ਸਾਥੀਆਂ ਨਾਲ ਵਰਤ ਰਿਹਾ ਸੀ।