ਅਬੋਹਰ (ਸੁੰਦਰ ਨਾਥ ਆਰਿਆ): ਚੋਣ ਪ੍ਰਚਾਰ ਦੇ ਆਖਰੀ ਦਿਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਬੋਹਰ ਤੋਂ ਗੱਠਜੋੜ ਦੇ ਉਮੀਦਵਾਰ ਡਾ. ਮਹਿੰਦਰ ਰਿਣਵਾ ਦੇ ਹੱਕ ਵਿੱਚ ਗਊਸ਼ਾਲਾ ਰੋਡ ’ਤੇ ਰੈਲੀ ਨੂੰ ਸੰਬੋਧਨ ਕੀਤਾ। ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ 5 ਸਾਲ ਤੱਕ ਕਿਸਾਨਾਂ ਨੂੰ ਟੇਲਾਂ ਤੱਕ ਨਹਿਰੀ ਪਾਣੀ ਨਹੀਂ ਦੇ ਸਕੀ ਪਰ ਅਸੀਂ ਪੂਰੇ 5 ਸਾਲ ਸਰਕਾਰ ਚਲਾ ਕੇ ਟੇਲਾਂ ’ਤੇ ਵਸੇ ਕਿਸਾਨਾਂ ਨੂੰ ਪਾਈਪ ਲਾਈਨ ਰਾਹੀਂ ਪਾਣੀ ਮੁਹੱਈਆ ਕਰਵਾ ਕੇ ਸਮੱਸਿਆ ਨੂੰ ਖਤਮ ਕਰ ਦਿਆਂਗੇ। ਅਬੋਹਰ ’ਚ ਸਿਆਸੀ ਦੁਸ਼ਮਣੀ ਤਹਿਤ ਅਰੋੜਾ ਸਮਾਜ ਦੇ 500 ਤੋਂ ਵੱਧ ਲੋਕਾਂ ’ਤੇ ਝੂਠੇ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਨੂੰ ਸਰਕਾਰ ਆਉਣ ’ਤੇ ਰੱਦ ਕਰ ਦਿੱਤਾ ਜਾਵੇਗਾ ਅਤੇ ਪਰਚੇ ਕਰਾਉਣ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 2012 ਤੋਂ 2017 ਤੱਕ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਵੇਲੇ ਲੋਕਾਂ ਲਈ ਸ਼ਗਨ ਸਕੀਮ, ਆਟਾ ਦਾਲ ਯੋਜਨਾ, ਸੇਵਾ ਕੇਂਦਰ, ਪੈਨਸ਼ਨ ਸਕੀਮ, ਆਰਓ ਪਲਾਂਟ ਆਦਿ ਵਰਗੀਆਂ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤਾ। ਉਨ੍ਹਾਂ ਦੀ ਸਰਕਾਰ ਬਣਦੇ ਹੀ ਇਹ ਸਕੀਮਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਸ੍ਰੀ ਬਾਦਲ ਨੇ ਪਾਰਟੀ ਦੇ 13 ਨੁਕਾਤੀ ਏਜੰਡੇ ਬਾਰੇ ਵੀ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ‘ਆਪ’ ਦੀ ਨੀਤੀ ਅੰਗਰੇਜ਼ਾਂ ਅਤੇ ਮੁਗਲਾਂ ਵਾਂਗ ਪੰਜਾਬ ’ਤੇ ਕਬਜ਼ਾ ਕਰਨ ਦੀ ਹੈ। ਇਸ ਲਈ ਲੋਕਾਂ ਨੂੰ ਇਨ੍ਹਾਂ ਦੀਆਂ ਗੱਲਾਂ ’ਚ ਨਹੀਂ ਆਉਣਾ ਚਾਹੀਦਾ। ਡਾ. ਮਹਿੰਦਰ ਰਿਣਵਾ ਨੇ ਆਪਣੇ ਸੰਬੋਧਨ ਵਿਚ ਅਬੋਹਰ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਦੱਸਿਆ।