ਬੀਐੱਸ ਚਾਨਾ
ਕੀਰਤਪੁਰ ਸਾਹਿਬ, 27 ਅਗਸਤ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਨੀਮ ਪਹਾੜੀ ਖੇਤਰ ਵਿੱਚ ਸੈਰ-ਸਪਾਟਾ ਸਨਅਤ ਨੂੰ ਪ੍ਰਫੁੱਲਿਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ ਤੇ ਸੈਰ-ਸਪਾਟਾ ਸਨਅਤ ਦੇ ਵਿਕਾਸ ਨਾਲ ਇਲਾਕੇ ਦਾ ਵਪਾਰ ਹੋਰ ਵਧੇਗਾ ਤੇ ਚੰਗਰ ਇਲਾਕੇ ਦੇ ਲੋਕਾਂ ਦੀ ਆਰਥਿਕਤਾ ਮਜ਼ਬੂਤ ਹੋਵੇਗੀ। ਮੰਤਰੀ ਹਰਜੋਤ ਬੈਂਸ ਅੱਜ ਚੰਗਰ ਇਲਾਕੇ ਵਿੱਚ ਆਪਣੇ ਦੌਰੇ ਦੌਰਾਨ ਸੰਬੋਧਨ ਕਰ ਰਹੇ ਸਨ। ਚੰਗਰ ਇਲਾਕੇ ਦੇ ਪਿੰਡਾਂ ਦੇ ਦੌਰੇ ਦੌਰਾਨ ਪਹਾੜਪੁਰ ਵਿੱਚ ਚੰਗਰ ਗੁੱਜਰ ਵੈੱਲਫੇਅਰ ਸਭਾ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦੇ ਸਨਮਾਨ ਵਿੱਚ ਰੱਖੇ ਵਿਸ਼ੇਸ਼ ਸਮਾਗਮ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਈ ਜ਼ਿਕਰਯੋਗ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਮਲਾਹ ਦੇ ਸਰਕਾਰੀ ਸਕੂਲ ਨੂੰ ਇਲਾਕੇ ਦਾ ਨਮੂਨੇ ਦਾ ਸਕੂਲ ਬਣਾਇਆ ਜਾਵੇਗਾ, ਜਿੱਥੇ ਇਸ ਇਲਾਕੇ ਦੇ ਵਿਦਿਆਰਥੀ ਬਿਹਤਰੀਨ ਸਿੱਖਿਆ ਹਾਸਲ ਕਰਕੇ ਸੰਸਾਰ ਭਰ ਵਿਚ ਚੱਲ ਰਹੇ ਮੁਕਾਬਲੇਬਾਜ਼ੀ ਦੇ ਦੌਰ ਵਿਚ ਮੋਹਰਲੀ ਕਤਾਰ ਵਿੱਚ ਖੜ੍ਹਨ ਦੇ ਸਮਰੱਥ ਬਣਨਗੇ।
ਹਰਜੋਤ ਬੈਂਸ ਨੇ ਕਿਹਾ ਕਿ ਚੰਗਰ ਦਾ ਇਲਾਕਾ ਅਜਿਹਾ ਨੀਮ ਪਹਾੜੀ ਇਲਾਕਾ ਹੈ, ਜਿਥੋਂ ਦੇ ਲੋਕਾਂ ਨੇ ਆਜ਼ਾਦੀ ਤੋਂ ਬਾਅਦ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਕਮੀ ਨਾਲ ਜੂਝ ਕੇ ਆਪਣਾ ਵਖਤ ਲੰਘਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਇਸ ਇਲਾਕੇ ਦੇ ਲੋਕਾਂ ਨਾਲ ਇਹ ਵਾਅਦਾ ਕਰ ਰਹੇ ਹਾਂ ਕਿ ਦੋ ਸਾਲ ਵਿੱਚ ਸਿੰਚਾਈ ਅਤੇ ਪੀਣ ਵਾਲਾ ਪਾਣੀ ਹਰ ਖੇਤ ਤੇ ਹਰ ਘਰ ਨੂੰ ਮਿਲੇਗਾ। ਮੋਹੀਵਾਲ ਤੋਂ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ, ਪੜਾਅਵਾਰ ਚੱਪੇ-ਚੱਪੇ ਤੱਕ ਪਾਣੀ ਪਹੁੰਚਾਇਆ ਜਾਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਚੰਗਰ ਇਲਾਕੇ ਵਿੱਚ ਵੀ ਜਲਦੀ ਆਮ ਆਦਮੀ ਕਲੀਨਿਕ ਖੋਲ੍ਹਿਆ ਜਾਵੇਗਾ।