ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 24 ਸਤੰਬਰ
ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਦੇ ਮਾਮਲੇ ਵਿੱਚ ਇੱਥੇ ਅੱਜ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਦੀ ਪੁਰਾਣੀ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਸਥਿਤੀ ਵਿਚ ਸਿੱਖ ਕੌਮ ਸੰਘਰਸ਼ ਲਈ ਮਜਬੂਰ ਹੋਵੇਗੀ। ਉਨ੍ਹਾਂ ਹਰਿਆਣਾ ਦੇ ਗੁਰਦੁਆਰਿਆ ਦਾ ਪ੍ਰਬੰਧ ਜਬਰੀ ਖੋਹਣ ਖ਼ਿਲਾਫ਼ ਵੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਦੀ ਮੀਟਿੰਗ 30 ਸਤੰਬਰ ਨੂੰ ਸੱਦੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੱਡ, ਸਾਬਕਾ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਅੰਤ੍ਰਿੰਗ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਅਮਰਜੀਤ ਸਿੰਘ ਬੰਡਾਲਾ, ਜੋਧ ਸਿੰਘ ਸਮਰਾ, ਮੈਂਬਰ ਭਾਈ ਰਾਮ ਸਿੰਘ, ਮੰਗਵਿੰਦਰ ਸਿੰਘ ਖਾਪੜਖੇੜੀ ਤੇ ਬਾਵਾ ਸਿੰਘ ਗੁਮਾਨਪੁਰਾ ਨੇ ਦੋਸ਼ ਲਾਇਆ ਕਿ ਜਿਥੇ ਕਾਂਗਰਸ ਜਮਾਤ ਨੇ ਸਿੱਖਾਂ ਦਾ ਵੱਡਾ ਨੁਕਸਾਨ ਕੀਤਾ, ਉਥੇ ਹੀ ਕੇਂਦਰ ਦੀ ਭਾਜਪਾ ਸਰਕਾਰ ਆਰਐੱਸਐੱਸ ਦੀ ਸੋਚ ਤਹਿਤ ਦੇਸ਼ ਵਿਚ ਵਸਦੀਆਂ ਘੱਟਗਿਣਤੀਆਂ ਨੂੰ ਦਬਾਉਣ ਦਾ ਯਤਨ ਕਰ ਰਹੀ ਹੈ। ਇਸੇ ਤਹਿਤ ਹੁੱਡਾ ਸਰਕਾਰ ਸਮੇਂ ਵੱਖਰੀ ਹਰਿਆਣਾ ਕਮੇਟੀ ਦਾ ਐਕਟ ਪਾਸ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਸ ਐਕਟ ਨੂੰ ਮਾਨਤਾ ਦੇਣ ਲਈ ਭਾਜਪਾ ਨੇ ਵੀ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਕਾਰਵਾਈ ਵਿਚ ਕੁਝ ਸਿੱਖ ਚਿਹਰੇ ਵੀ ਸ਼ਾਮਲ ਹਨ, ਜੋ ਨਿਜੀ ਲਾਲਚ ਵਿਚ ਪੰਥ ਵਿਰੋਧੀ ਸ਼ਕਤੀਆਂ ਦੇ ਹੱਥ ਠੋਕਾ ਬਣੇ ਹੋਏ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸਿੱਖ ਪੰਥ ਦੀ ਸਿਰਮੌਰ ਸੰਸਥਾ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਹੈ, ਜਿਸ ਨੂੰ ਤੋੜਨ ਦੇ ਸਨਸੂਬੇ ਖ਼ਿਲਾਫ ਸੰਘਰਸ਼ ਲਈ ਸਿੱਖ ਕੌਮ ਪਿੱਛੇ ਨਹੀਂ ਹਟੇਗੀ। ਉਨ੍ਹਾਂ ਕਿਹਾ ਕਿ ਜੇ ਹਰਿਆਣਾ ਸਰਕਾਰ ਨੇ ਉਥੋਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਜਬਰੀ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਨਤੀਜੇ ਚੰਗੇ ਨਹੀਂ ਹੋਣਗੇ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੀ ਹੰਗਾਮੀ ਸਥਿਤੀ ਵਿਚ 72 ਘੰਟੇ ਦੇ ਨੋਟਿਸ ’ਤੇ ਸੱਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ਮਗਰੋਂ ਹੁਣ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਦੀ ਇਕ ਹੰਗਾਮੀ ਮੀਟਿੰਗ 30 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਸੱਦੀ ਗਈ ਹੈ,ਜਿਸ ਵਿਚ ਇਸ ਮਾਮਲੇ ਬਾਰੇ ਅਗਲੀ ਰਣਨੀਤੀ ਬਾਰੇ ਵਿਚਾਰ ਕਰਕੇ ਸਮੂਹਿਕ ਰੂਪ ਵਿਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਅੰਤ੍ਰਿਗ ਕਮੇਟੀ ਦੀ ਹੰਗਾਮੀ ਮੀਟਿੰਗ ਚੰਡੀਗੜ੍ਹ ਵਿਚ ਹੋਈ ਸੀ, ਜਿਸ ਵਿਚ ਹਰਿਆਣਾ ਕਮੇਟੀ ਦੇ ਫੈਸਲੇ ਨੂੰ ਮੰਨਣ ਤੋ ਨਾਂਹ ਕਰਦਿਆਂ ਰੱਦ ਕਰ ਦਿੱਤਾ ਸੀ।