ਪੱਤਰ ਪ੍ਰੇਰਕ
ਤਰਨ ਤਾਰਨ, 17 ਅਗਸਤ
ਜ਼ਿਲ੍ਹੇ ਦੇ ਦੋ ਸੀਨੀਅਰ ਅਕਾਲੀ ਆਗੂਆਂ ਦਰਮਿਆਨ ਛਿੜੀ ਤਿੱਖੀ ਸ਼ਬਦੀ ਜੰਗ ਪਾਰਟੀ ਅੰਦਰ ਉੱਭਰ ਰਹੇ ਨਵੇਂ ਸਮੀਕਰਨਾਂ ਵੱਲ ਸੰਕੇਤ ਕਰ ਰਹੀ ਹੈ। ਆਉਣ ਵਾਲੇ ਦਿਨਾਂ ’ਚ ਇਸ ਸ਼ਬਦੀ ਜੰਗ ਦਾ ਘੇਰਾ ਹੋਰ ਵਿਸ਼ਾਲ ਹੋਣ ਦੀ ਉਮੀਦ ਹੈ। ਅਕਾਲੀ ਦਲ ਦੀ ਰਾਜਨੀਤੀ ਵਿੱਚ ‘ਮਾਝੇ ਦਾ ਜਰਨੈਲ’ ਕਰਕੇ ਜਾਣੇ ਜਾਂਦੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਇੱਕ ਵੇਲੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਹੇ ਗੁਰਬਚਨ ਸਿੰਘ ਕਰਮੂੰਵਾਲਾ ਵਿਚਾਲੇ ਛਿੜੀ ਇਹ ਜੰਗ ਸਿਆਸੀ ਖੇਮੇ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਵੈਸੇ ਵਿਧਾਨ ਸਭਾ ਚੋਣਾਂ ਦੌਰਾਨ ਖਡੂਰ ਸਾਹਿਬ ਹਲਕੇ ਤੋਂ ਹਾਰਨ ਮਗਰੋਂ ਰਣਜੀਤ ਸਿੰਘ ਬ੍ਰਹਮਪੁਰਾ ਇੱਕ ਤਰ੍ਹਾਂ ਨਾਲ ਚੁੱਪ ਵੱਟ ਗਏ ਸਨ। ਦੋਵੇਂ ਆਗੂਆਂ ਦਰਮਿਆਨ ਭਖ਼ੇ ਇਸ ਮਾਹੌਲ ਨੂੰ ਨਵੰਬਰ ਮਹੀਨੇ ’ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰਨਾਂ ਅਹੁਦਿਆਂ ਦੀ ਹੋਣ ਵਾਲੀ ਚੋਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਬ੍ਰਹਮਪੁਰਾ ਨੇ ਸ੍ਰੀ ਕਰਮੂੰਵਾਲਾ ਖ਼ਿਲਾਫ਼ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਹੁੰਦਿਆਂ ਉਨ੍ਹਾ ਕਥਿਤ ਬੇਨਿਯਮੀਆਂ ਕਰਕੇ ਖ਼ੁਦ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਸ਼੍ਰੋਮਣੀ ਕਮੇਟੀਆਂ ਦੀਆਂ ਦੁਕਾਨਾਂ ਆਦਿ ’ਤੇ ਕਬਜ਼ਾ ਕਰਵਾਇਆ ਹੈ। ਇਸ ਦੇ ਜਵਾਬ ਵਿੱਚ ਗੁਰਬਚਨ ਸਿੰਘ ਕਰਮੂੰਵਾਲਾ ਨੇ ਕਿਹਾ ਹੈ ਕਿ ਸ੍ਰੀ ਬ੍ਰਹਮਪੁਰਾ ਵੱਲੋਂ ਇਹ ਦੋਸ਼ ਇਸ ਕਰਕੇ ਲਗਾਏ ਜਾ ਰਹੇ ਹਨ ਕਿਉਂਕਿ ਚਾਰ ਸਾਲ ਪਹਿਲਾਂ ਅਕਾਲੀ ਦਲ ਨੂੰ ਛੱਡ ਕੇ ਜਾਣ ਵੇਲੇ ਉਨ੍ਹਾਂ ਨੇ ਬ੍ਰਹਮਪੁਰਾ ਦਾ ਸਾਥ ਨਹੀਂ ਸੀ ਦਿੱਤਾ।