ਸੰਜੀਵ ਹਾਂਡਾ
ਫ਼ਿਰੋਜ਼ਪੁਰ, 19 ਫ਼ਰਵਰੀ
ਫਿਰੋਜ਼ਪੁਰ ਸ਼ਹਿਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੁੱਤਰ ਰਘੁਮੀਤ ਸਿੰਘ ਸੋਢੀ ਖ਼ਿਲਾਫ਼ ਥਾਣਾ ਸਦਰ ਵਿਚ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਚੋਣ ਅਮਲੇ ਦੇ ਇੱਕ ਅਧਿਕਾਰੀ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਗਈ ਹੈ। ਚੋਣ ਅਮਲੇ ਦੇ ਅਧਿਕਾਰੀ ਕੁਲਦੀਪ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਰਘੁਮੀਤ ਸਿੰਘ ਸੋਢੀ ਆਪਣੇ ਕੁਝ ਸਾਥੀਆਂ ਨਾਲ ਸਰਹੱਦੀ ਪਿੰਡਾਂ ਵਿਚ ਅੱਜ ਚੋਣ ਪ੍ਰਚਾਰ ਕਰ ਰਿਹਾ ਹੈ। ਹਾਲਾਂਕਿ ਪ੍ਰਚਾਰ ਕਰਨ ਦਾ ਸਮਾਂ ਸ਼ੁੱਕਰਵਾਰ ਸ਼ਾਮ ਛੇ ਵਜੇ ਤੱਕ ਦਾ ਹੀ ਸੀ। ਚੋਣ ਅਮਲੇ ਦੀ ਟੀਮ ਜਦੋਂ ਪਿੰਡ ਛੀਨੇਵਾਲਾ ਵਿਚ ਪਹੁੰਚੀ ਤਾਂ ਰਘੁਮੀਤ ਸਿੰਘ ਸੋਢੀ ਆਪਣੇ ਦਸ-ਪੰਦਰਾਂ ਸਾਥੀਆਂ ਨਾਲ ਉਥੇ ਚੋਣ ਪ੍ਰਚਾਰ ਕਰ ਰਿਹਾ ਸੀ। ਉਨ੍ਹਾਂ ਦੀਆਂ ਪੰਜ ਗੱਡੀਆਂ ਵੀ ਉਥੇ ਖੜ੍ਹੀਆਂ ਮਿਲੀਆਂ। ਇਸ ਅਧਿਕਾਰੀ ਵੱਲੋਂ ਤੁਰੰਤ ਇਸਦੀ ਸੂਚਨਾ ਆਪਣੇ ਉਚ ਅਧਿਕਾਰੀਆਂ ਨੂੰ ਦਿੱਤੀ ਗਈ ਜਿਸ ਮਗਰੋਂ ਰਘੁਮੀਤ ਸਿੰਘ ਸੋਢੀ ਖ਼ਿਲਾਫ਼ ਥਾਣਾ ਸਦਰ ਵਿਚ ਕੇਸ ਦਰਜ ਕੀਤਾ ਗਿਆ।