ਕੇ.ਪੀ ਸਿੰਘ
ਗੁਰਦਾਸਪੁਰ, 5 ਅਕਤੂਬਰ
ਵਿਜੀਲੈਂਸ ਵਿਭਾਗ ਵੱਲੋਂ ਗੁਰਦਾਸਪੁਰ ਦੇ ਮੌਜੂਦਾ ਕਾਂਗਰਸੀ ਵਿਧਾਇਕ ਦੇ ਬੈਂਕ ਖਾਤਿਆਂ ਬਾਰੇ ਜਾਣਕਾਰੀ ਇੱਕਤਰ ਕਰਨ ਸਬੰਧੀ ਲਿਖਿਆ ਇੱਕ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਪੱਤਰ ਵਿਜੀਲੈਂਸ ਦੇ ਡੀਐੱਸਪੀ ਨਿਰਮਲ ਸਿੰਘ ਵੱਲੋਂ ਪੀਐੱਨਬੀ ਲੀਡ ਬੈਂਕ ਦੇ ਮੈਨੇਜਰ ਨੂੰ ਲਿਖਿਆ ਗਿਆ ਹੈ। ਹਾਲਾਂਕਿ ਡੀਐੱਸਪੀ ਨਿਰਮਲ ਸਿੰਘ ਵੱਲੋਂ ਇਸ ਨੂੰ ‘ਗੁਪਤ ਮਾਮਲਾ’ ਦੱਸ ਕੇ ਟਾਲਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਵਿਜੀਲੈਂਸ ਦੇ ਐੱਸਐੱਸਪੀ ਵਰਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਮਾਮਲਾ ਗੁਪਤ ਸੀ, ਪਰ ਬੈਂਕ ਦੇ ਕਿਸੇ ਕਰਮਚਾਰੀ ਵੱਲੋਂ ਇਹ ਲੀਕ ਕਰ ਦਿੱਤਾ ਗਿਆ ਹੈ, ਜਿਸ ਦੀ ਜਾਂਚ ਕੀਤੀ ਜਾਵੇਗੀ। ਵਾਇਰਲ ਪੱਤਰ ਵਿਜੀਲੈਂਸ ਵਿਭਾਗ, ਗੁਰਦਾਸਪੁਰ ਦੇ ਡੀਐੱਸਪੀ ਨਿਰਮਲ ਸਿੰਘ ਵੱਲੋਂ 3 ਅਕਤੂਬਰ ਨੂੰ 6 ਲੀਡ ਬੈਂਕ ਦੇ ਮੈਨੇਜਰ ਦੇ ਨਾਂ ਲਿਖਿਆ ਗਿਆ ਹੈ, ਜਿਸ ਵਿੱਚ ਗੁਰਦਾਸਪੁਰ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ, ਉਨ੍ਹਾਂ ਦੇ ਭਰਾ ਬਲਜੀਤ ਸਿੰਘ ਪਾਹੜਾ, ਜੋ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਹਨ, ਪਿਤਾ ਗੁਰਮੀਤ ਸਿੰਘ ਪਾਹੜਾ ਜੋ ਕਾਂਗਰਸ ਦੀ ਪੰਜਾਬ ਕਾਰਜਕਾਰਨੀ ਦੇ ਮੈਂਬਰ ਹਨ ਤੇ ਲੇਬਰ ਸੈੱਲ ਪੰਜਾਬ ਦੇ ਚੇਅਰਮੈਨ ਰਹੇ ਹਨ ਤੋਂ ਇਲਾਵਾ ਪਤਨੀ ਅਤੇ ਹੋਰ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਦੀ ਡਿਟੇਲ ਮੰਗੀ ਗਈ ਹੈ। ਪੱਤਰ ’ਚ 8 ਵਿਅਕਤੀਆਂ ਦਾ ਜ਼ਿਕਰ ਹੈ ਤੇ ਇਹ ਸਾਰੇ ਪਾਹੜਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ। ਦੱਸਣਯੋਗ ਹੈ ਕਿ ਇਸ ਪੱਤਰ ਦੇ ਹੇਠਾਂ ਪੀਐੱਨਬੀ ਬੈਂਕ ਦੇ ਇੱਕ ਕੰਪਿਊਟਰ ਦਾ ਨੰਬਰ ਆ ਰਿਹਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਪੱਤਰ ਪੀਐੱਨਬੀ ਬੈਂਕ ਦੇ ਕੰਪਿਊਟਰ ਤੋਂ ਫੋਟੋ ਖਿੱਚ ਕੇ ਕਿਸੇ ਕਰਮਚਾਰੀ ਵੱਲੋਂ ਲੀਕ ਕੀਤਾ ਗਿਆ ਹੈ ।
ਵਿਜੀਲੈਂਸ ਕੋਈ ਵੀ ਜਾਂਚ ਕਰ ਸਕਦੈ: ਵਿਧਾਇਕ ਪਾਹੜਾ
ਇਸ ਸਬੰਧੀ ਜਦੋਂ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਉਨ੍ਹਾਂ ਸਬੰਧੀ ਕੋਈ ਵੀ ਜਾਂਚ ਕਰ ਸਕਦਾ ਹੈ। ਹੁਣ ਤੱਕ ਉਨ੍ਹਾਂ ਇਮਾਨਦਾਰੀ ਨਾਲ ਸਿਆਸਤ ਕੀਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇੱਕ ਗੁਪਤ ਪੱਤਰ ਵਾਇਰਲ ਕਿਵੇਂ ਹੋਇਆ ਇਸ ਦੀ ਜਾਂਚ ਵੀ ਹੋਣੀ ਚਾਹੀਦੀ ਹੈ।