ਦਵਿੰਦਰ ਪਾਲ
ਚੰਡੀਗੜ੍ਹ, 22 ਜੂਨ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੀਵਰੇਜ ਬੋਰਡ ਦੇ ਸਾਬਕਾ ਮੁੱਖ ਕਾਰਜਕਾਰੀ ਅਫ਼ਸਰ ਤੇ ਆਈਏਐੱਸ ਅਧਿਕਾਰੀ ਸੰਜੈ ਪੋਪਲੀ ਦੀ ਗ੍ਰਿਫ਼ਤਾਰੀ ਮਗਰੋਂ ਸਥਾਨਕ ਸਰਕਾਰਾਂ ਵਿਭਾਗ ਤੇ ਬੋਰਡ ਦੇ ਅਫ਼ਸਰਾਂ ਅਤੇ ਕਰਮਚਾਰੀਆਂ ’ਤੇ ਵੀ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ। ਵਿਜੀਲੈਂਂਸ ਦੇ ਤਫ਼ਤੀਸ਼ੀ ਅਫ਼ਸਰਾਂ ਵੱਲੋਂ ਬੋਰਡ ਦੇ ਕਈ ਇੰਜਨੀਅਰਾਂ ਅਤੇ ਅਫ਼ਸਰਾਂ ਤੋਂ ਮਾਮਲੇ ਦੀ ਪੁੱਛਗਿੱਛ ਕੀਤੀ ਗਈ ਹੈ। ਸੂਤਰਾਂ ਅਨੁਸਾਰ ਇਨ੍ਹਾਂ ਇੰਜਨੀਅਰਾਂ ਵੱਲੋਂ ਗੱਲੀਬਾਤੀਂ ਸਾਰਾ ਮਾਮਲਾ ਟਾਲਣ ਦਾ ਯਤਨ ਕਰਨ ’ਤੇ ਹੁਣ ਵਿਜੀਲੈਂਸ ਵੱਲੋਂ ਕੁੱਝ ਅਫ਼ਸਰਾਂ ਅਤੇ ਇੰਜਨੀਅਰਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਸੰਜੈ ਪੋਪਲੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੀਵਰੇਜ ਬੋਰਡ ਅਤੇ ਸਥਾਨਕ ਸਰਕਾਰਾਂ ਵਿਭਾਗ ਨਾਲ ਜੁੜੇ ਠੇਕੇਦਾਰਾਂ ਨੇ ਵਿਜੀਲੈਂਸ ਸਾਹਮਣੇ ਵਿਭਾਗ ਵਿੱਚ ਚੱਲਦੇ ਭ੍ਰਿਸ਼ਟਾਚਾਰ ਸਬੰਧੀ ਕਈ ਨਵੇਂ ਤੱਥ ਰੱਖੇ ਹਨ। ਇਨ੍ਹਾਂ ਤੱਥਾਂ ਮੁਤਾਬਕ ਛੋਟੇ ਤੋਂ ਉਪਰਲੇ ਅਫ਼ਸਰਾਂ ਦੀਆਂ ਤਾਇਨਾਤੀਆਂ ਸਣੇ ਵਿਕਾਸ ਕਾਰਜਾਂ ’ਚ ਅਧਿਕਾਰੀਆਂ ਅਤੇ ਸਿਆਸਤਦਾਨਾਂ ਦਾ ਸਿੱਧਾ ਕਮਿਸ਼ਨ ਬੰਨ੍ਹਿਆ ਹੋਇਆ ਸੀ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਮੰਤਰੀਆਂ ਅਤੇ ਜ਼ਿਆਦਾਤਰ ਵਿਧਾਇਕਾਂ ਵੱਲੋਂ ਮਿਉਂਸਿਪਲ ਸੰਸਥਾਵਾਂ ਵਿੱਚ ਮਨ ਮਰਜ਼ੀ ਦੇ ਅਫ਼ਸਰਾਂ ਖਾਸਕਰ ਕਾਰਜਸਾਧਕ ਅਫ਼ਸਰਾਂ ਦੀਆਂ ਨਿਯੁਕਤੀਆਂ ਕਰਾਈਆਂ ਜਾਂਦੀਆਂ ਸਨ। ਸੂਤਰਾਂ ਅਨੁਸਾਰ ਕਾਂਗਰਸ ਸਰਕਾਰ ਵੇਲੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਲਈ ਸਰਕਾਰੀ ਖ਼ਜ਼ਾਨੇ ਵਿੱਚੋਂ ਖ਼ਰਚ ਹੋਈਆਂ ਗਰਾਂਟਾਂ ਸਬੰਧੀ ਵੀ ਘੋਖ ਕੀਤੀ ਜਾ ਰਹੀ ਹੈ। ਵਿਜੀਲੈਂਸ ਦੀਆਂ ਗਤੀਵਿਧੀਆਂ ਕਾਰਨ ਕਾਂਗਰਸੀ ਆਗੂਆਂ ਵਿੱਚ ਵੀ ਘਬਰਾਹਟ ਪਾਈ ਜਾ ਰਹੀ ਹੈ। ਪੰਜਾਬ ਦੇ ਆਈਏਐੱਸ ਅਫ਼ਸਰ ਸੰਜੈ ਪੋਪਲੀ ਦੇ ਪੀਸੀਐੱਸ ਦੀ ਨੌਕਰੀ ਵਿੱਚ ਆਉਂਦਿਆਂ ਹੀ ਵਿਵਾਦ ਸ਼ੁਰੂ ਹੋ ਗਏ ਸਨ। ਪੰਜਾਬ ਸੀਵਰੇਜ਼ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਅਹੁਦਾ ਬਹੁਤ ਮਹੱਤਵਪੂਰਨ ਹੈ ਤੇ ਇਸ ਬੋਰਡ ਰਾਹੀਂ ਅਰਬਾਂ ਰੁਪਏ ਦੇ ਵਿਕਾਸ ਕਾਰਜ ਸਿਰੇ ਚੜ੍ਹਦੇ ਹਨ। ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਮਗਰੋਂ ਪੋਪਲੀ ਨੂੰ ਇਸ ਬੋਰਡ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਵਿਜੀਲੈਂਸ ਵੱਲੋਂ ਸੰਜੈ ਪੋਪਲੀ ਦੇ ਘਰ ਦੀ ਲਈ ਗਈ ਤਲਾਸ਼ੀ ਦੌਰਾਨ ਕੁਝ ਅਜਿਹੇ ਕੱਪੜੇ ਵੀ ਮਿਲੇ ਹਨ, ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਦੀ ਹੈ। ਇਹ ਅਧਿਕਾਰੀ ਮਹਿੰਗੇ ਪ੍ਰਫਿਊਮ ਵਰਤਣ ਤੇ ਮਹਿੰਗੀ ਵਿਦੇਸ਼ੀ ਸ਼ਰਾਬ ਪੀਣ ਦਾ ਸ਼ੌਕੀਨ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਅਧਿਕਾਰੀ ਦੀ ਨਿਯੁਕਤੀ ਮੱਧ ਪ੍ਰਦੇਸ਼ ਨਾਲ ਸਬੰਧਤ ਕਾਂਗਰਸ ਦੇ ਇੱਕ ਰਸੂਖਦਾਰ ਆਗੂ ਦੀ ਸਿਫਾਰਸ਼ ’ਤੇ ਹੋਈ ਸੀ। ਵਿਜੀਲੈਂਸ ਦੀ ਮੁਢਲੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਸੰਜੈ ਪੋਪਲੀ ਠੇਕੇਦਾਰਾਂ ਤੋਂ ਇੱਕ ਫੀਸਦ ਕਮਿਸ਼ਨ ਦੀ ਮੰਗ ਕਰਦਾ ਸੀ। ਇਸ ਲਈ ਵਿਜੀਲੈਂਸ ਵੱਲੋਂ ਸੰਜੈ ਪੋਪਲੀ ਦੇ ਕਾਰਜਕਾਲ ਦੌਰਾਨ ਅਲਾਟ ਹੋਏ ਟੈਂਡਰਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਸੰਜੈ ਪੋਪਲੀ ਖ਼ਿਲਾਫ਼ ਦੋ ਹੋਰ ਠੇਕੇਦਾਰਾਂ ਨੇ ਦਿੱਤੀ ਸ਼ਿਕਾਇਤ
ਐਸਏਐਸ ਨਗਰ (ਦਰਸ਼ਨ ਸਿੰਘ ਸੋਢੀ ): ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸੀਨੀਅਰ ਆਈਏਐੱਸ ਅਧਿਕਾਰੀ ਸੰਜੈ ਪੋਪਲੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕਰਨਾਲ ਦੇ ਦੋ ਹੋਰ ਠੇਕੇਦਾਰਾਂ ਨੇ ਵੀ ਪੋਪਲੀ ਖ਼ਿਲਾਫ਼ ਮੁੱਖ ਮੰਤਰੀ ਪੰਜਾਬ ਨੂੰ ਸ਼ਿਕਾਇਤ ਭੇਜੀ ਹੈ। ਇਨ੍ਹਾਂ ਵਿੱਚੋਂ ਇੱਕ ਨੇ ਦੋਸ਼ ਲਾਇਆ ਹੈ ਕਿ ਰੂਪਨਗਰ ਦੇ ਮੋਰਿੰਡਾ ਅਤੇ ਤਲਵਾੜਾ ਵਿੱਚ ਨਵੀਂ ਸੀਵਰੇਜ ਪਾਈਪਲਾਈਨ ਵਿਛਾਉਣ ਲਈ ਕੀਤੇ ਕੰਮ ਦੀ ਅਦਾਇਗੀ ਬਦਲੇ ਸੰਜੈ ਪੋਪਲੀ ਨੇ ਉਸ ਕੋਲੋਂ ਦੋ ਫੀਸਦ ਕਮਿਸ਼ਨ ਦੀ ਮੰਗ ਕੀਤੀ ਸੀ। ਸ਼ਿਕਾਇਤ ਕਰਨ ਵਾਲੇ ਠੇਕੇਦਾਰਾਂ ਵਿੱਚੋਂ ਇੱਕ ਰਾਜੇਸ਼ ਕੰਸਟਰੱਕਸ਼ਨ ਕੰਪਨੀ ਦਾ ਮਾਲਕ ਹੈ, ਜਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਸ ਨੇ ਮੋਰਿੰਡਾ ਅਤੇ ਤਲਵਾੜਾ ਵਿੱਚ ਸੀਵਰੇਜ ਲਾਈਨ ਵਿਛਾਉਣ ਦਾ ਕੰਮ ਕੀਤਾ ਸੀ ਤੇ ਇਸ ਬਦਲੇ 16 ਕਰੋੜ ਰੁਪਏ ਦੀ ਅਦਾਇਗੀ ਕਰਨ ਲਈ ਸੰਜੈ ਪੋਪਲੀ ਨੇ ਉਸ ਤੋਂ ਦੋ ਫੀਸਦ ਕਮਿਸ਼ਨ ਮੰਗੀ ਸੀ। ਇਸ ਠੇਕੇਦਾਰ ਨੂੰ ਪਿਛਲੇ ਸਾਲ 12 ਦਸੰਬਰ ਨੂੰ ਜਲੰਧਰ ਦੇ ਇੱਕ ਹੋਟਲ ਵਿੱਚ ਸੱਦਿਆ ਗਿਆ ਤੇ ਕਮਿਸ਼ਨ ਨਾ ਦੇਣ ਦੀ ਸੂਰਤ ਵਿੱਚ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਵੀ ਦਿੱਤੀ ਗਈ। ਕੁਝ ਦਿਨ ਬਾਅਦ ਠੇਕੇਦਾਰ ਨੇ ਸੰਜੈ ਪੋਪਲੀ ਵੱਲੋਂ ਭੇਜੇ ਗਏ ਬੰਦੇ ਦੇ ਹੱਥ ਦੋ ਫ਼ੀਸਦ ਕਮਿਸ਼ਨ ਦੇ ਪੰਜ ਲੱਖ ਰੁਪਏ ਭੇਜੇ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਬੀਤੇ ਦਿਨੀਂ ਸੰਜੈ ਪੋਪਲੀ ਅਤੇ ਉਸ ਦੇ ਸਹਾਇਕ ਸਕੱਤਰ ਸੰਦੀਪ ਵਤਸ ਨੂੰ ਗ੍ਰਿਫ਼ਤਾਰ ਕਰਕੇ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਵੇਲੇ ਦੋਵੇਂ ਮੁਲਜ਼ਮ ਵਿਜੀਲੈਂਸ ਕੋਲ ਚਾਰ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਹਨ। ਪੰਜਾਬ ਸੀਵਰੇਜ ਬੋਰਡ ਦੇ ਸੀਈਓ ਰਹੇ ਸੰਜੈ ਪੋਪਲੀ ਦੇ ਕਾਰਜਕਾਲ ਦੌਰਾਨ ਅਲਾਟ ਕੀਤੇ ਗਏ ਸੀਵਰੇਜ ਪ੍ਰਾਜੈਕਟਾਂ ਤੇ ਹੋਰਨਾਂ ਕੰਮਾਂ ਦੇ ਟੈਂਡਰਾਂ ਦੀ ਜਾਂਚ ਵੀ ਆਰੰਭ ਦਿੱਤੀ ਗਈ ਹੈ। ਵਿਜੀਲੈਂਸ ਦੀ ਟੀਮ ਨੇ ਅੱਜ ਮੁਲਜ਼ਮ ਅਧਿਕਾਰੀ ਦੇ ਚੰਡੀਗੜ੍ਹ ਸਥਿਤ ਘਰ ਦੀ ਤਲਾਸ਼ੀ ਲਈ, ਜਿਸ ਦੌਰਾਨ .32 ਬੋਰ ਦੇ 73 ਕਾਰਤੂਸ ਬਰਾਮਦ ਕੀਤੇ ਗਏ। ਇਸ ਮਗਰੋਂ ਸੰਜੈ ਪੋਪਲੀ ਖ਼ਿਲਾਫ਼ ਅਸਲਾ ਐਕਟ ਦਾ ਨਵਾਂ ਕੇਸ ਦਰਜ ਕੀਤਾ ਗਿਆ ਹੈ।