ਬੀ.ਐੱਸ. ਚਾਨਾ
ਸ੍ਰੀ ਆਨੰਦਪੁਰ ਸਾਹਿਬ, 3 ਸਤੰਬਰ
ਪੰਜਾਬ ਦੇ ਜਲ ਸਰੋਤ, ਖਾਣਾਂ ਤੇ ਭੂ-ਵਿਗਿਆਨ, ਜੇਲ੍ਹਾਂ ਅਤੇ ਸਕੂਲ ਸਿੱਖਿਆ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੰਘੀ ਸ਼ਾਮ ਇੱਥੇ ਵਿਰਾਸਤ-ਏ -ਖਾਲਸਾ ਵਿੱਚ ਅਧਿਆਪਕ ਦਿਵਸ ਮੌਕੇ ਹੋਣ ਵਾਲੇ ਅਧਿਆਪਕ ਰਾਜ ਪੁਰਸਕਾਰ ਵੰਡ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਹ ਸਮਾਗਮ 5 ਸਤੰਬਰ ਨੂੰ ਹੋਵੇਗਾ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਹੁੰਚਣ ਦੀ ਸੰਭਾਵਨਾ ਹੈ।
ਇਸ ਮੌਕੇ ਕੈਬਨਿਟ ਮੰਤਰੀ ਨੇ ਸਮੁੱਚੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐੱਸਡੀਐੱਮ ਮਨੀਸ਼ਾ ਰਾਣਾ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ, ‘‘ਅਧਿਆਪਕਾਂ ਦਾ ਸਾਡੇ ਸਮਾਜ ਵਿੱਚ ਬਹੁਤ ਸਤਿਕਾਰ ਹੈ, ਵਿਲੱਖਣ ਪ੍ਰਾਪਤੀਆਂ ਵਾਲੇ ਅਧਿਆਪਕਾਂ ਦਾ ਸਨਮਾਨ ਕਰਨਾ ਸਾਡਾ ਫ਼ਰਜ਼ ਹੈ।’’ ਉਨ੍ਹਾਂ ਕਿਹਾ ਕਿ ਹਰ ਸਾਲ ਇਹ ਸਮਾਰੋਹ ਕਰਵਾਉਣ ਦਾ ਮਕਸਦ ਹੈ ਕਿ ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕ ਬਾਕੀ ਅਧਿਆਪਕਾਂ ਲਈ ਰਾਹ ਦਸੇਰਾ ਬਣਨ।