ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਜੂਨ
ਯੂਐੱਸ ਸਿੱਖ ਕਾਕਸ ਕਮੇਟੀ ਦੇ ਨੁਮਾਇੰਦਿਆਂ ਵੱਲੋਂ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਸ਼ਾਂਤੀ ਸਮਾਰਕ ਕੋਲ ਇਕੱਠੇ ਹੋ ਕੇ ਜੂਨ 1984 ਸਾਕਾ ਨੀਲਾ ਤਾਰਾ ਫੌਜੀ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਰੋਹਿੰਗੀਆ, ਯੂਕਰੇਨ ਤੇ ਮੁਸਲਿਮ ਭਾਈਚਾਰੇ ਦੇ ਨੁਮਾਇੰਦੇ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਆਪਣੇ ਫਿਰਕਿਆਂ ’ਤੇ ਹੋਏ ਅੱਤਿਆਚਾਰ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਕਾਕਸ ਕਮੇਟੀ ਦੇ ਮੈਂਬਰ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਸ਼ਰਧਾਂਜਲੀ ਸਮਾਗਮ ਵਿੱਚ ਘੱਲੂਘਾਰਾ ਦਿਵਸ ਦੀ 38ਵੀਂ ਬਰਸੀ ਮੌਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਕਾਕਸ ਦੇ ਮੀਤ ਚੇਅਰਮੈਨ ਡੇਵਿਡ ਜੀਵੀ ਨੇ ਕਿਹਾ ਕਿ ਵੱਖ-ਵੱਖ ਧਰਮਾਂ ਦੇ ਲੋਕਾਂ ’ਤੇ ਹੋਈਆਂ ਵਧੀਕੀਆਂ ਅਤੇ ਹਿੰਸਾ ਦੀਆਂ ਕਾਰਵਾਈਆਂ ਦੀ ਕਾਕਸ ਵਲੋਂ ਨਿੰਦਾ ਕੀਤੀ ਜਾਂਦੀ ਹੈ। ਅਮਰੀਕਾ ਦੇ ਲੋਕ ਅਜਿਹੀਆਂ ਹਿੰਸਕ ਕਾਰਵਾਈਆਂ ਦਾ ਸ਼ਿਕਾਰ ਹੋਏ ਪੀੜਤ ਪਰਿਵਾਰਾਂ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ। ਕਾਂਗਰਸਮੈਨ ਪੈਟ੍ਰਿਕ ਮੀਹਾਨ ਅਤੇ ਪੈਨਸਿਲਵੇਨੀਆ ਦੀ ਮੈਰੀ ਗੇਅ ਨੇ ਵੀ ਇਸ ਮੌਕੇ ਹਿੰਸਾ ਦਾ ਸ਼ਿਕਾਰ ਹੋਏ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਹੱਕ ਵਿਚ ਪ੍ਰਾਰਥਨਾ ਕੀਤੀ। ਖਾਸ ਕਰਕੇ ਜੂਨ 1984 ਸਮੇਂ ਮਨੁੱਖਤਾ ਦੇ ਹੋਏ ਘਾਣ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਇਸ ਮੌਕੇ ਡਾ. ਪ੍ਰਿਤਪਾਲ ਸਿੰਘ, ਡਾ. ਇਕਤਦਾਰ ਚੀਮਾ, ਯਾਦਵਿੰਦਰ ਸਿੰਘ, ਹਰਜਿੰਦਰ ਸਿੰਘ, ਜੁਗਰਾਜ ਸਿੰਘ ਤੇ ਹੋਰਾਂ ਨੇ ਵੀ ਘੱਲੂਘਾਰਾ ਦਿਵਸ ਨੂੰ ਸਮਰਪਿਤ ਜੂਨ 1984 ਵਿਚ ਮਾਰੇ ਗਏ ਸਮੂਹ ਸਿੱਖਾਂ ਨੂੰ ਸ਼ਰਧਾਂਜਲੀ ਦਿੱਤੀ।