ਬਹਾਦਰਜੀਤ ਸਿੰਘ
ਰੂਪਨਗਰ, 6 ਅਪਰੈਲ
ਉੱਤਰ ਪ੍ਰਦੇਸ਼ (ਯੂਪੀ) ਪੁਲੀਸ ਦੀ ਟੀਮ ਇੱਥੇ ਰੂਪਨਗਰ ਦੀ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਗੈਂਗਸਟਰ ਤੋਂ ਸਿਆਸਤਦਾਨ ਬਣੇ ਮਊ ਤੋਂ ਬਸਪਾ ਵਿਧਾਇਕ ਮੁਖਤਾਰ ਅੰਸਾਰੀ ਨੂੰ ਅੱਜ ਉੱਤਰ ਪ੍ਰਦੇਸ਼ ਲਈ ਲੈ ਕੇ ਰਵਾਨਾ ਹੋ ਗਈ। ਯੂਪੀ ਪੁਲੀਸ ਦੇ ਮੁਲਾਜ਼ਮ ਅੱਜ ਤੜਕਸਾਰ ਇੱਕ ਐਂਬੂਲੈਂਸ ਅਤੇ ਅਤਿ-ਆਧੁਨਿਕ ਵਜ਼ਰ ਵਾਹਨ ਸਮੇਤ ਸੱਤ ਗੱਡੀਆਂ ਵਿੱਚ ਰੂਪਨਗਰ ਪੁਲੀਸ ਲਾਈਨ ਪੁੱਜੇ ਅਤੇ ਤਕਰੀਬਨ ਦੁਪਹਿਰ 12 ਵਜੇ ਰੂਪਨਗਰ ਜੇਲ੍ਹ ਪੁੱਜੇ। ਦੱਸਣਯੋਗ ਹੈ ਕਿ ਯੂਪੀ ਪੁਲੀਸ ਅੰਸਾਰੀ ਨੂੰ ਪਿਛਲੇ ਗੇਟ ਰਾਹੀਂ ਲੈ ਕੇ ਰਵਾਨਾ ਹੋਈ। ਯੂਪੀ ਪੁਲੀਸ ਦੀ ਟੀਮ ’ਚ ਡੀਐੱਸਪੀ ਦੀ ਅਗਵਾਈ ਹੇਠ 38 ਪੁਲੀਸ ਮੁਲਾਜ਼ਮ ਆਏ ਸਨ। ਜੇਲ੍ਹ ਦੇ ਬਾਹਰ ਅਤੇ ਅੰਦਰ ਪੰਜਾਬ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਤੋਂ ਆਏ ਡਾਕਟਰਾਂ ਨੇ ਮੁਖਤਾਰ ਅੰਸਾਰੀ ਦਾ ਡਾਕਟਰੀ ਮੁਆਇਨਾ ਕੀਤਾ ਕਿਉਂਕਿ ਮੁਖਤਾਰ ਅੰਸਾਰੀ ਕਈ ਬਿਮਾਰੀਆਂ ਤੋਂ ਪੀੜਤ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਉਹ ਉਸ ਨੂੰ ਦੁਪਹਿਰ 2.07 ਮਿੰਟ ’ਤੇ ਲੈ ਕੇ ਯੂਪੀ ਲਈ ਰਵਾਨਾ ਹੋ ਗਏ। ਮੁਖਤਾਰ ਅੰਸਾਰੀ ਰੰਗਦਾਰੀ ਦੇ ਇੱਕ ਮਾਮਲੇ ਵਿੱਚ ਜਨਵਰੀ 2019 ਤੋਂ ਪੰਜਾਬ ਦੀ ਜੇਲ੍ਹ ਵਿੱਚ ਬੰਦ ਸੀ। ਉਹ ਯੂਪੀ ਵਿੱਚ ਕਈ ਮਾਮਲਿਆਂ ’ਚ ਲੋੜੀਂਦਾ ਹੈ। ਅਧਿਕਾਰੀਆਂ ਮੁਤਾਬਕ ਪੰਜਾਬ ਦੇ ਗ੍ਰਹਿ ਵਿਭਾਗ ਨੇ ਯੂਪੀ ਸਰਕਾਰ ਨੂੰ ਇੱਕ ਪੱਤਰ ਲਿਖ ਕੇ 8 ਅਪਰੈਲ ਜਾਂ ਉਸ ਤੋਂ ਪਹਿਲਾਂ ਅੰਸਾਰੀ ਨੂੰ ਰੂਪਨਗਰ ਜੇਲ੍ਹ ’ਚੋਂ ਹਿਰਾਸਤ ਵਿੱਚ ਲੈਣ ਲਈ ਕਿਹਾ ਸੀ। ਵਿਭਾਗ ਨੇ 26 ਮਾਰਚ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਯੂਪੀ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਨੂੰ ਉਪਰੋਕਤ ਪੱਤਰ ਲਿਖਿਆ ਸੀ। ਚੇਤੇ ਰਹੇ ਕਿ ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਵਿੱਚ ਪੰਜਾਬ ਸਰਕਾਰ ਨੂੰ ਅੰਸਾਰੀ ਨੂੰ ਦੋ ਹਫ਼ਤਿਆਂ ਅੰਦਰ ਯੂਪੀ ਦੀ ਬਾਂਦਾ ਜੇਲ੍ਹ ਵਿੱਚ ਭੇਜਣ ਦੇ ਹੁਕਮ ਦਿੱਤੇ ਸਨ।
ਪਤੀ ਦੀ ਸੁਰੱਖਿਆ ਲਈ ਸੁਪਰੀਮ ਕੋਰਟ ਪੁੱਜੀ ਅੰਸਾਰੀ ਦੀ ਪਤਨੀ
ਨਵੀਂ ਦਿੱਲੀ: ਗੈਂਗਸਟਰ ਮੁਖਤਾਰ ਅੰਸਾਰੀ ਦੀ ਪਤਨੀ ਆਪਣੇ ਪਤੀ ਦੀ ਸੁਰੱਖਿਆ ਨੂੰ ਲੈ ਕੇ ਸੁਪਰੀਮ ਕੋਰਟ ਪੁੱਜ ਗਈ ਹੈ। ਉਸ ਨੇ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕਰ ਕੇ ਉਸ ਦੇ ਪਤੀ ਨੂੰ ਬਾਂਦਾ ਜੇਲ੍ਹ ਤਬਦੀਲ ਕਰਨ ਮੌਕੇ ਯੂਪੀ ਪੁਲੀਸ ਵੱਲੋਂ ਫ਼ਰਜ਼ੀ ਮੁਕਾਬਲਾ ਕੀਤੇ ਜਾਣ ਦਾ ਖ਼ਦਸ਼ਾ ਜਤਾਇਆ ਹੈ। ਉਸ ਨੇ ਕਿਹਾ ਕਿ ਉਸਦੇ ਪਤੀ ਨੂੰ ਯੂਪੀ ਜੇਲ੍ਹ ’ਚ ਤਬਦੀਲ ਕਰਨ ਮੌਕੇ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ। -ਟਨਸ