ਪੱਤਰ ਪ੍ਰੇਰਕ
ਅਮਲੋਹ, 29 ਅਗਸਤ
ਥਾਣਾ ਅਮਲੋਹ ਦੇ ਪਿੰਡ ਨਰਾਇਣਗੜ੍ਹ ਵਿਚ ਬੀਤੀ ਰਾਤ ਇੱਕ ਸਪਲੈਂਡਰ ਮੋਟਰਸਾਈਕਲ ਬੇਕਾਬੂ ਹੋ ਕੇ ਦਰਖ਼ਤ ਵਿਚ ਵੱਜਿਆ। ਇਸ ’ਤੇ ਸਵਾਰ ਤਿੰਨ ਨੌਜਵਾਨਾਂ ’ਚੋਂ 2 ਦੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦਾ ਤੀਜਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਮਾਮਲੇ ਦੀ ਤਫ਼ਤੀਸ਼ ਕਰ ਰਹੇ ਸਹਾਇਕ ਥਾਣੇਦਾਰ ਮੋਹਣ ਸਿੰਘ ਨੇ ਦੱਸਿਆ ਕਿ 20 ਸਾਲਾ ਅਮਿਤ ਕੁਮਾਰ ਵਾਸੀ ਅਮਲੋਹ ਸਪਲੈਂਡਰ ਮੋਟਰਸਾਈਕਲ ਉੱਪਰ ਬੀਤੀ ਰਾਤ ਆਪਣੇ 2 ਸਾਥੀਆਂ ਲੱਡੂ ਕੁਮਾਰ (16) ਪੁੱਤਰ ਅਜ਼ਾਦ ਯਾਦਵ ਅਤੇ ਗੋਲੂ (17) ਪੁੱਤਰ ਗੋਰੀਨ ਵਾਸੀਆਨ ਅਮਲੋਹ ਨਾਲ ਪਿੰਡ ਬਡਾਲੀ ਵੱਲ ਜਾ ਰਿਹਾ ਸੀ ਕਿ ਪਿੰਡ ਨਰਾਇਣਗੜ੍ਹ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਇੱਕ ਦਰਖ਼ਤ ਨਾਲ ਟਕਰਾ ਗਿਆ, ਜਿਸ ਕਾਰਨ ਮੋਟਰਸਾਈਕਲ ਚਾਲਕ ਅਮਿਤ ਕੁਮਾਰ ਅਤੇ ਲੱਡੂ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਤੀਜਾ ਸਾਥੀ ਗੋਲੂ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਵਿਚ ਦਾਖ਼ਲ਼ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਧਾਰਾ 174 ਸੀ.ਆਰ.ਪੀ.ਸੀ ਅਧੀਨ ਕਾਰਵਾਈ ਕੀਤੀ ਗਈ ਹੈ। ਜਦੋਂਕਿ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਅਮਲੋਹ ਵਿੱਚ ਭੇਜ ਦਿੱਤੀਆਂ ਗਈਆਂ ਹਨ।