ਪੱਤਰ ਪ੍ਰੇਰਕ
ਚੇਤਨਪੁਰਾ/ਅਜਨਾਲਾ, 30 ਮਾਰਚ
ਪਿੰਡ ਛੀਨਾ ਕਰਮ ਸਿੰਘ ਦੇ ਰਹਿਣ ਵਾਲੇ ਇੱਕ ਨੌਜਵਾਨ ਗਗਨਦੀਪ ਸਿੰਘ ਦੀ ਦੋ ਦਿਨ ਪਹਿਲਾਂ ਭੇਤਭਰੀ ਹਾਲਤ ਵਿਚ ਹੋਈ ਮੌਤ ਹੋਣ ਦਾ ਸਦਮਾ ਨਾ ਸਹਾਰਦਿਆਂ ਅੱਜ ਉਸ ਦੇ ਥਾਣੇਦਾਰ ਪਿਤਾ ਜਸਬੀਰ ਸਿੰਘ ਨੇ ਆਪਣੇ ਸਰਕਾਰੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਗਨਦੀਪ ਦੀ ਲਾਸ਼ ਬੀਤੇ ਦਿਨ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਸੇਖਵਾਂ ਦੇ ਪਿੰਡ ਮੂਲੇਵਾਲ ਤੋਂ ਬਰਾਮਦ ਹੋਈ ਸੀ। ਅੱਜ ਸਵੇਰੇ ਥਾਣੇਦਾਰ ਜਸਬੀਰ ਸਿੰਘ ਨੇ ਆਪਣੇ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਆਪਣੀ ਸਰਕਾਰੀ ਰਿਵਾਲਵਰ ਨਾਲ ਆਤਮਹੱਤਿਆ ਕਰ ਲਈ। ਜਸਬੀਰ ਸਿੰਘ ਬਤੌਰ ਏਐੱਸਆਈ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿੱਚ ਤਾਇਨਾਤ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਮਗਰੋਂ ਮ੍ਰਿਤਕ ਥਾਣੇਦਾਰ ਦੀ ਪਤਨੀ ਤੇ ਛੋਟਾ ਬੇਟਾ ਸਦਮੇ ਵਿੱਚ ਹਨ।