ਪਵਨ ਗੋਇਲ
ਭੁੱਚੋ ਮੰਡੀ, 2 ਸਤੰਬਰ
ਵਾਲਮਾਰਟ ਕੰਪਨੀ ਵੱਲੋਂ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਸਥਿਤ ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਵਿੱਚੋਂ ਕਥਿਤ ਤੌਰ ’ਤੇ ਨੌਕਰੀ ਤੋਂ ਫਾਰਗ ਕੀਤੇ ਗਏ ਮੁਲਾਜ਼ਮ, ਹਮਾਇਤੀ ਕਿਸਾਨ ਅਤੇ ਮਜ਼ਦੂਰ ਅੱਜ ਚੌਥੇ ਦਿਨ ਮੀਂਹ ਵਿੱਚ ਵੀ ਮੋਰਚੇ ’ਚ ਡਟੇ ਰਹੇ।
ਉਨ੍ਹਾਂ ਵਾਲਮਾਰਟ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਨੇ ਵਾਲਮਾਰਟ ਕੰਪਨੀ ਦੇ ਅਧਿਕਾਰੀਆਂ ਨੂੰ ਫਾਰਗ ਕੀਤੇ ਮੁਲਾਜ਼ਮਾਂ ਨੂੰ 8 ਸਤੰਬਰ ਤੱਕ ਮੁੜ ਨੌਕਰੀ ’ਤੇ ਰੱਖਣ ਦਾ ਅਲਟੀਮੇਟਮ ਦੇ ਦਿੱਤਾ ਹੈ।
ਇਸ ਮੌਕੇ ਮੁਲਾਜ਼ਮ ਆਗੂ ਜਸਪ੍ਰੀਤ ਸਿੰਘ, ਹਰਜੀਤ ਸਿੰਘ, ਨਿਰਮਲ ਸ਼ਰਮਾ, ਹਰਮਨ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੰਪਨੀ ਨੇ 8 ਸਤੰਬਰ ਤੱਕ ਮੁਲਾਜ਼ਮਾਂ ਦੀ ਨੌਕਰੀ ਬਹਾਲ ਨਾ ਕੀਤੀ ਤਾਂ ਉਹ ਸੰਘਰਸ਼ ਹੋਰ ਤਿੱਖਾ ਕਰਨਗੇ। ਉਨ੍ਹਾਂ ਕਿਹਾ ਕਿ ਉਹ 7 ਸਤੰਬਰ ਨੂੰ ਦਿੱਲੀ ਦੇ ਕਿਸਾਨ ਮੋਰਚੇ ਵਿੱਚ ਸ਼ਾਮਲ ਹੋ ਕੇ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਮਗਰੋਂ ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕਣਗੇ। ਉਨ੍ਹਾਂ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਨੂੰ ਨੌਕਰੀ ’ਤੇ ਬਹਾਲ ਕਰਕੇ ਹਰ ਮਹੀਨੇ ਤਨਖਾਹ ਦਿੱਤੀ ਜਾਵੇ। ਧਰਨਾਕਾਰੀ ਮੁਲਾਜ਼ਮ ਨੌਕਰੀ ਦੀ ਬਹਾਲੀ ’ਤੇ ਅੜੇ ਹੋਏ ਹਨ ਅਤੇ ਉਗਰਾਹਾਂ ਧੜੇ ਨੇ ਵੀ ਮੁਲਾਜ਼ਮਾਂ ਦੀ ਹਮਾਹਿਤ ਵਿੱਚ ਪੰਜਾਬ ਵਿਚਲੇ ਵਾਲਮਾਰਟ ਕੰਪਨੀ ਦੇ ਮਾਲ ਨਾ ਚੱਲਣ ਦੇਣ ਦੀ ਚਿਤਾਵਨੀ ਦਿੱਤੀ ਹੋਈ ਹੈ।