ਕੈਪਟਨ ਅਮਰਿੰਦਰ ਸਿੰਘ ਅੱਜ ਹੋਣਗੇ ਭਾਜਪਾ ’ਚ ਸ਼ਾਮਲ
ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਸਤੰਬਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ 19 ਸਤੰਬਰ ਨੂੰ ਆਪਣੀ ‘ਪੰਜਾਬ ਲੋਕ ਕਾਂਗਰਸ ਪਾਰਟੀ’ ਦਾ ਭਾਜਪਾ ਵਿੱਚ ਰਲੇਵਾਂ ਕਰਨਗੇ। ਇਸ ਦੌਰਾਨ ਦੋ ਦਰਜਨ ਦੇ ਕਰੀਬ ਸਾਬਕਾ ਵਿਧਾਇਕ ਤੇ ਹੋਰ ਆਗੂ ਵੀ ਭਾਜਪਾ ’ਚ ਸ਼ਾਮਲ ਹੋਣਗੇ। ਕੈਪਟਨ ਤੇ ਉਸ ਦੇ ਸਾਥੀ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਦੀ ਅਗਵਾਈ ਹੇਠ ਭਾਜਪਾ ’ਚ ਸ਼ਾਮਲ ਹੋਣ ਦਾ ਰਸਮੀ ਐਲਾਨ ਕਰਨਗੇ। ਕੈਪਟਨ ਖੇਮੇ ਸੂਤਰਾਂ ਅਨੁਸਾਰ ਇਸ ਦੌਰਾਨ 25 ਦੇ ਕਰੀਬ ਸਾਬਕਾ ਕਾਂਗਰਸੀ ਵਿਧਾਇਕ, ਕੈਪਟਨ ਦੀ ਅਗਵਾਈ ਹੇਠਾਂ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕਰਨਗੇ। ਕੈਪਟਨ ਨਾਲ ਭਾਜਪਾ ’ਚ ਸ਼ਾਮਲ ਹੋਣ ਵਾਲੇ ਕਾਂਗਰਸੀ ਆਗੂਆਂ ਸਬੰਧੀ ਹਾਲੇ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ, ਪਰ 13 ਕਾਂਗਰਸੀ ਆਗੂਆਂ ਦੀਆਂ ਫੋਟੋਆਂ ਵਾਲਾ ਇੱਕ ਪੋਸਟਰ ਸ਼ੋਸਲ ਮੀਡੀਆ ’ਤੇ ਵਾਇਰਲ ਹੋਇਆ ਹੈ। ਯਾਦ ਰਹੇ ਕਿ ਕਾਂਗਰਸ ’ਚ ਪਈ ਫੁੱਟ ਮੌਕੇ ਨਵਜੋਤ ਸਿੱਧੂ, ਪ੍ਰਤਾਪ ਬਾਜਵਾ, ਚਰਨਜੀਤ ਚੰਨੀ, ਰਾਜਾ ਵੜਿੰਗ ਵੱਲੋਂ ਕੀਤੇ ਗਏ ਵਿਰੋਧ ਮਗਰੋਂ ਪਾਰਟੀ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫਾ ਲੈ ਲਿਆ ਸੀ, ਜਿਸ ਮਗਰੋਂ ਉਨ੍ਹਾਂ ਨੇ ਪੰਜਾਬ ਲੋਕ ਕਾਂਗਰਸ ਬਣਾ ਦੇ ਭਾਜਪਾ ਨਾਲ ਗੱਠਜੋੜ ਤਹਿਤ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਸਨ। ਜਾਣਕਾਰੀ ਮਿਲੀ ਹੈ ਕਿ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਕਾਂਗਰਸੀ ਆਗੂਆਂ ਨੂੰ ਹਾਲ ਦੀ ਘੜੀ ਕੈਪਟਨ ਨਾਲ ਭਾਜਪਾ ’ਚ ਸ਼ਾਮਲ ਕਰਵਾਉਣ ਤੋਂ ਗੁਰੇਜ ਕੀਤਾ ਜਾ ਰਿਹਾ ਹੈ। ਅਜਿਹੀ ਸੂਰਤ ’ਚ ਪਟਿਆਲਾ ਤੋਂ ਕਿਸੇ ਵੀ ਪ੍ਰਮੁੱਖ ਆਗੂ ਦੇ ਸ਼ਾਮਲ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ। ਦੋ ਦਹਾਕਿਆਂ ਤੋਂ ਪਟਿਆਲਾ ਦੇ ਰਾਜਪੁਰਾ ਹਲਕੇ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੱਲੇ ਆ ਰਹੇ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਅਤੇ ਐਤਕੀ ਰਾਜਪੁਰਾ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜੇ ਜਗਦੀਸ਼ ਜੱਗਾ ਪਹਿਲਾਂ ਹੀ ਕੈਪਟਨ ਦੀ ਸਹਿਮਤੀ ਨਾਲ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ। ਜਾਣਕਾਰੀ ਅਨੁਸਾਰ ਕੈਪਟਨ ਸੱਤਵੀਂ ਵਾਰ ਰਾਜਸੀ ਪਾਲਾ ਬਦਲਣਗੇ। ਸ਼ਾਹੀ ਪਰਿਵਾਰ ਭਾਜਪਾ ਦੀ ਤਰਫ਼ੋਂ ਰਾਜ ਸਭਾ ਮੈਂਬਰੀ ਦਾ ਆਨੰਦ ਵੀ ਮਾਣ ਚੁੱਕਾ ਹੈ। ਕੈਪਟਨ ਨੇ ਪਹਿਲੀ ਚੋਣ 1970 ’ਚ ਡਕਾਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਲੜੀ। ਫਿਰ ਉਹ ਕਾਂਗਰਸ ’ਚ ਸ਼ਾਮਲ ਹੋ ਗਏ। ਕੁਝ ਸਮੇਂ ਮਗਰੋਂ ਉਹ ਅਕਾਲੀ ਦਲ ’ਚ ਸ਼ਾਮਲ ਹੋ ਗਏ। 1992 ’ਚ ਅਕਾਲੀਆਂ ਦੇ ਬਾਈਕਾਟ ਕਾਰਨ ਕੈਪਟਨ ਨੇ ਖ਼ੁਦ ਦੀ ਪਾਰਟੀ ਬਣਾ ਲਈ ਪਰ ਕੁਝ ਸਮੇਂ ਬਾਅਦ ਫਿਰ ਅਕਾਲੀ ਦਲ ’ਚ ਰਲ ਗਏ। ਜਦ 1997 ਦੀਆਂ ਚੋਣਾਂ ’ਚ ਅਕਾਲੀਆਂ ਨੇ ਟਿਕਟ ਨਾ ਦਿੱਤੀ ਤਾਂ ਫਿਰ ਕਾਂਗਰਸ ’ਚ ਆ ਗਏ ਅਤੇ ਸੋਮਵਾਰ ਨੂੰ ਫਿਰ ਭਾਜਪਾ ’ਚ ਸ਼ਾਮਲ ਹੋਣਗੇ।
ਕਾਂਗਰਸ ’ਚ ਰਹਾਂਗੀ ਭਾਵੇਂ ਟਿਕਟ ਨਾ ਮਿਲੇ: ਪ੍ਰਨੀਤ ਕੌਰ
ਸੁਭਾਸ਼ ਚੰਦਰ
ਸਮਾਣਾ, 18 ਸਤੰਬਰ
ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ‘ਆਪ’ ਦੀ ਲੀਡਰਸ਼ਿਪ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪੰਜਾਬ ਦੇ ਲੋਕ ਹੀ ਸੂਬੇ ਦਾ ਪ੍ਰਬੰਧ ਚਲਾਉਣ ਨਾ ਦਿੱਲੀ ਦੇ ਬਾਸ਼ਿੰਦੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੋਟਰਾਂ ਨੇ ਸੂਬੇ ਦੇ ਚੰਗੇ ਭਵਿੱਖ ਲਈ ਪੰਜਾਬੀ ਲੀਡਰਸ਼ਿਪ ਨੂੰ ਵੋਟਾਂ ਰਾਹੀਂ ਫਤਵਾ ਦਿੱਤਾ ਹੈ। ਉਹ ਇੱਥੇ ਅੱਜ ਅਗਰਵਾਲ ਗਊਸ਼ਾਲਾ ’ਚ ਬੀਤੇ ਕਈ ਦਿਨਾਂ ਤੋਂ ਚੱਲ ਰਹੇ ਇਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਲਕੇ ਸੋਮਵਾਰ ਨੂੰ ਆਪਣੀ ਟੀਮ ਨਾਲ ਭਾਜਪਾ ’ਚ ਸ਼ਾਮਲ ਹੋਣ ਜਾ ਰਹੇ ਹਨ ਜਿਸ ਦਾ ਭਾਜਪਾ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਲਾਹਾ ਮਿਲੇਗਾ। ਇਸ ਦੌਰਾਨ ਉਨ੍ਹਾਂ ਖੁਦ ਕਾਂਗਰਸ ਤਰਫੋਂ ਲੋਕ ਸਭਾ ਮੈਂਬਰ ਹੋਣ ਬਾਰੇ ਕਿਹਾ ਕਿ ਉਹ ਕਾਂਗਰਸ ਵਿੱਚ ਹਨ ਅਤੇ ਭਵਿੱਖ ਵਿੱਚ ਵੀ ਕਾਂਗਰਸ ਵਿੱਚ ਹੀ ਰਹਿਣਗੇ, ਭਾਵੇਂ ਪਾਰਟੀ ਅਗਲੀ ਵਾਰ ਉਨ੍ਹਾਂ ਨੂੰ ਟਿਕਟ ਦੇਵੇ ਜਾਂ ਨਾ ਦੇਵੇ। ਉਨ੍ਹਾਂ ਨਾਲ ਇਸ ਮੌਕੇ ਹਰਮੇਸ਼ ਗੋਇਲ ਡਕਾਲਾ, ਸੁਰਿੰਦਰ ਸਿੰਘ ਖੇੜਕੀ, ਅਨਿਲ ਕੁਮਾਰ, ਵਿਜੇ ਅਗਰਵਾਲ, ਪ੍ਰਮੋਦ ਸਿੰਗਲਾ, ਸੁਨੀਲ ਬੱਬਰ’ ਸਤਪਾਲ ਜੌਹਰੀ ਹਾਜ਼ਰ ਸਨ।