ਪੱਤਰ ਪ੍ਰੇਰਕ
ਲਹਿਰਾਗਾਗਾ, 23 ਜੁਲਾਈ
ਪਿੰਡ ਫਲੇੜਾ ਵਿੱਚ ਬਿਜਲੀ ਦਾ ਕਰੰਟ ਲੱਗਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਰਾਤ ਪਿੰਡ ਫਲੇੜਾ ਵਿੱਚ ਦੋ ਭਰਾ ਵਿੱਕੀ ਸ਼ਰਮਾ (28) ਅਤੇ ਬੱਲਾ ਰਾਮ (23) ਆਪਣੇ ਖੇਤ ਵਿੱਚ ਮੌਜੂਦ ਸਨ। ਇਸੇ ਦੌਰਾਨ ਖੇਤ ਵਿਚ ਖੰਭੇ ਨਾਲ ਲੱਗੀ ਬਿਜਲੀ ਦੀ ਤਾਰ ਤੋਂ ਬੱਲਾ ਰਾਮ ਨੂੰ ਕਰੰਟ ਲੱਗ ਗਿਆ ਜਿਉਂ ਹੀ ਮੌਕੇ ’ਤੇ ਮੌਜੂਦ ਦੂਜਾ ਭਰਾ ਵਿੱਕੀ ਸ਼ਰਮਾ ਉਸ ਨੂੰ ਛੁਡਾਉਣ ਲਈ ਅੱਗੇ ਆਇਆ ਤਾਂ ਕਰੰਟ ਨੇ ਉਸ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਦੋਵੇਂ ਭਰਾਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਅਨੁਸਾਰ ਵਿੱਕੀ ਸ਼ਰਮਾ ਵਿਆਹਿਆ ਹੋਇਆ ਸੀ ਜਦੋਂ ਕਿ ਬੱਲਾ ਰਾਮ ਅਜੇ ਕੁਆਰਾ ਸੀ। ਕੁਝ ਸਮਾਂ ਪਹਿਲਾਂ ਇਨ੍ਹਾਂ ਦੇ ਪਿਤਾ ਮਿੱਠੂ ਰਾਮ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਦੀ ਮੌਤ ਨਾਲ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਥਾਣਾ ਲਹਿਰਾਗਾਗਾ ਦੇ ਸਹਾਇਕ ਥਾਣੇਦਾਰ ਸੁੱਖਾ ਸਿੰਘ ਨੇ ਦੱਸਿਆ ਕਿ ਪੁਲੀਸ ਨੇ 174 ਤਹਿਤ ਕਾਰਵਾਈ ਕਰਦਿਆਂ ਦੋਵੇਂ ਮ੍ਰਿਤਕਾਂ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।