ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਸਤੰਬਰ
ਇੱਥੇ ਇਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਧਮਕੀਆਂ ਦੇਣ ਲਈ ਵਰਤੇ ਦੋ ਮੋਬਾਈਲ ਵੀ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਦਵਿੰਦਰ ਸਿੰਘ ਅਤੇ ਰੋਹਿਤ ਮਰਵਾਹਾ ਵਜੋਂ ਹੋਈ ਹੈ ਤੇ ਇਨ੍ਹਾਂ ਦੇ ਬੱਚੇ ਇਸੇ ਹੀ ਸਕੂਲ ਵਿੱਚ ਪੜ੍ਹਦੇ ਹਨ। ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਜਾਂਚ ਟੀਮ ਵੱਲੋਂ ਇਸ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਟੀਮ ਨੇ ਉਨ੍ਹਾਂ ਮੋਬਾਈਲਾਂ ਨੂੰ ਕੁਝ ਘੰਟਿਆਂ ਵਿੱਚ ਹੀ ਟਰੇਸ ਕਰ ਲਿਆ, ਜਿਨ੍ਹਾਂ ਤੋਂ ਧਮਕੀ ਵਾਲਾ ਸੁਨੇਹਾ ਵਾਇਰਲ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਮੋਬਾਈਲਾਂ ਦੇ ਸਿੰਮ ਕਾਰਡ ਦਵਿੰਦਰ ਸਿੰਘ ਤੇ ਰੋਹਿਤ ਮਰਵਾਹਾ ਦੇ ਨਾਂ ’ਤੇ ਹਨ, ਜਿਨ੍ਹਾਂ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਦੇ ਬੱਚੇ ਇੱਥੇ ਸਪਰਿੰਗ ਡੇਲ ਸਕੂਲ ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀ ਹਨ। ਜ਼ਿਕਰਯੋਗ ਹੈ ਕਿ ਇਸ ਕੇਸ ਵਿੱਚ ਪੁਲੀਸ ਨੇ ਬੱਚਿਆਂ ਖ਼ਿਲਾਫ਼ ਕੋਈ ਕੇਸ ਦਰਜ ਨਾ ਕਰਦਿਆਂ ਉਨ੍ਹਾਂ ਦੇ ਮਾਪਿਆਂ ਖ਼ਿਲਾਫ਼ ਕਾਰਵਾਈ ਕੀਤੀ ਹੈ।