ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 1 ਨਵੰਬਰ
ਕੇਂਦਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨੇ ’ਤੇ ਬੈਠੇ ਕਿਸਾਨਾਂ ਨੇ ਅੱਜ ਅੰਮ੍ਰਿਤਸਰ-ਜਲੰਧਰ ਜੀਟੀ ਰੋਡ ’ਤੇ ਕਿਸੇ ਵੱਡੇ ਕਾਰਪੋਰੇਟ ਅਦਾਰੇ ਵੱਲੋਂ ਵਸਤਾਂ ਦੇ ਭੇਜੇ ਟਰੱਕ ਕਬਜ਼ੇ ਵਿੱਚ ਲੈ ਲਏ। ਕਿਸਾਨਾਂ ਨੇ ਦੋਸ਼ ਲਾਇਆ ਕਿ ਕਿਸੇ ਵੱਡੇ ਕਾਰਪੋਰੇਟ ਘਰਾਣੇ ਦੇ ਇਹ ਟਰੱਕ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਲੈ ਕੇ ਆਏ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ ਵਿੱਚ ਹੈ ਪਰ ਇਨ੍ਹਾਂ ਕੋਈ ਟੈਕਸ ਨਹੀਂ ਭਰਿਆ। ਪਿੰਡ ਰਾਜੇਵਾਲਾ ਦੇ ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਅੱਜ ਤੜਕੇ ਚਾਰ ਵਜੇ ਦੇ ਕਰੀਬ ਜੀਟੀ ਰੋਡ ’ਤੇ ਸਥਿਤ ਨਿੱਜਰ ਟੌਲ ਪਲਾਜ਼ਾ ਨੇੜਿਓਂ ਇਨ੍ਹਾਂ ਟਰੱਕਾਂ ਨੂੰ ਕਾਬੂ ਕੀਤਾ ਤਾਂ ਪਤਾ ਲੱਗਿਆ ਕਿ ਮੋਦੀ ਸਰਕਾਰ ਦੇ ਨਜ਼ਦੀਕੀ ਕਾਰਪੋਰੇਟ ਘਰਾਣੇ ਵੱਲੋਂ ਇਹ ਸਾਮਾਨ ਸਿੱਧਾ ਦੁਕਾਨਾਂ ’ਤੇ ਭੇਜਿਆ ਜਾ ਰਿਹਾ ਹੈ। ਆਗੂ ਨੇ ਐਲਾਨ ਕੀਤਾ ਕਿ ਜਦੋਂ ਤਕ ਅੰਬਾਲਾ ਨੇੜੇ ਯੂਰੀਆ ਖਾਦ ਦੇ ਰੋਕੇ ਹੋਏ ਤਿੰਨ ਟਰੱਕਾਂ ਨੂੰ ਇੱਥੇ ਨਹੀਂ ਭੇਜਿਆ ਜਾਂਦਾ, ਉਦੋਂ ਤਕ ਇਨ੍ਹਾਂ ਟਰੱਕਾਂ ਨੂੰ ਨਹੀਂ ਛੱਡਿਆ ਜਾਵੇਗਾ।
ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸਟੇਟ ਪ੍ਰੈੱਸ ਸਕੱਤਰ ਹਰਜੀਤ ਸਿੰਘ ਝੀਤਾ ਨੇ ਕਿਹਾ ਕਿ ਕਾਗਜ਼ ਚੈੱਕ ਕਰਨ ਮਗਰੋਂ ਇਹ ਸਪੱਸ਼ਟ ਹੋਇਆ ਕਿ ਟਰੱਕ ’ਚ ਪਏ ਸਾਮਾਨ ਵਿਚੋਂ ਕਿਸੇ ਵੀ ਵਸਤੂ ਦਾ ਕੋਈ ਟੈਕਸ ਨਹੀਂ ਕੱਟਿਆ ਗਿਆ। ਉਨ੍ਹਾਂ ਦੱਸਿਆ ਕਿ 50 ਲੱਖ ਦੀ ਕੀਮਤ ਦੇ ਇਸ ਸਾਮਾਨ ਦਾ ਜੀਐੱਸਟੀ ਵੀ ਨਹੀਂ ਲਿਆ ਗਿਆ। ਟਰੱਕ ’ਚੋਂ ਮਿਲੇ ਕਿਸੇ ਵੀ ਕਾਗਜ਼ ’ਤੇ ਨਾ ਕੇਂਦਰ ਅਤੇ ਨਾ ਸਟੇਟ ਦੇ ਜੀਐੱਸਟੀ ਦਾ ਕੋਈ ਜ਼ਿਕਰ ਹੈ। ਇਸ ਤੋਂ ਵੱਧ ਹੈਰਾਨੀ ਦੀ ਗੱਲ ਹੈ ਕਿ ਅੰਤਰਰਾਜੀ ਸਰਹੱਦ ’ਤੇ ਪੁਲੀਸ ਵੱਲੋਂ ਇਨ੍ਹਾਂ ਟਰੱਕਾਂ ਨੂੰ ਚੈੱਕ ਵੀ ਨਹੀਂ ਕੀਤਾ ਗਿਆ।
ਮਾਲ ਗੱਡੀਆਂ ਬੰਦ ਹੋਣ ਕਾਰਨ ਸਨਅਤ ਲੀਹੋਂ ਲੱਥੀ
ਅੰਮ੍ਰਿਤਸਰ: ਵਪਾਰ ਮੰਡਲ ਨੇ ਅੱਜ ਇੱਥੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਰੋਕਣ ਕਾਰਨ ਅੰਮ੍ਰਿਤਸਰ ਦੀ ਸਨਅਤ ਨੂੰ ਵੱਡਾ ਖੋਰਾ ਲੱਗਿਆ ਹੈ। ਅੰਮ੍ਰਿਤਸਰ ਦੇ ਵਪਾਰੀਆਂ ਦਾ 2500 ਕਰੋੜ ਰੁਪਏ ਦਾ ਮਾਲ ਖੁਸ਼ਕ ਬੰਦਰਗਾਹਾਂ ’ਤੇ ਰੁਕਿਆ ਪਿਆ ਹੈ। ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਨੇ ਦੱਸਿਆ ਕਿ ਅੰਮ੍ਰਿਤਸਰ ’ਚੋਂ ਵੱਡੀ ਗਿਣਤੀ ਵਿਚ ਕੱਪੜਾ, ਧਾਗਾ ਅਤੇ ਹੋਰ ਮਾਲ ਬਾਹਰ ਜਾਂਦਾ ਹੈ ਪਰ ਕੇਂਦਰ ਦੇ ਅੜੀਅਲ ਰਵੱਈਏ ਕਾਰਨ ਵਪਾਰੀ ਨਿਰਾਸ਼ ਹੋ ਕੇ ਬੈਠੇ ਹਨ। ਪੰਜਾਬ ਤੋਂ ਚੌਲ, ਮੇਵੇ ਅਤੇ ਹੋਰ ਖਾਧ ਪਦਾਰਥ ਵਿਦੇਸ਼ਾਂ ਵਿਚ ਨਿਰਯਾਤ ਕੀਤੇ ਜਾਂਦੇ ਹਨ ਪਰ ਮਾਲ ਗੱਡੀਆਂ ਬੰਦ ਹੋਣ ਕਾਰਨ ਕਾਫੀ ਮਾਲ ਲੁਧਿਆਣਾ ਡਰਾਈ ਪੋਰਟਸ ’ਤੇ ਰੁਕਿਆ ਹੋਇਆ ਹੈ। ਵਪਾਰ ਮੰਡਲ ਦੇ ਜਨਰਲ ਸਕੱਤਰ ਸਮੀਰ ਜੈਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਤੁਰੰਤ ਗੱਡੀਆਂ ਚਲਾਈਆਂ ਜਾਣ।
ਬਟਾਲਾ (ਦਲਬੀਰ ਸੱਖੋਵਾਲੀਆ): ਸੂਬੇ ਭਰ ਵਿੱਚ 2 ਲੱਖ ਦੇ ਕਰੀਬ ਐੱਮਐੱਸਐੱਮਈ ਉਦਯੋਗਿਕ ਯੂਨਿਟ ਹਨ ਅਤੇ ਲਗਪਗ 40 ਤੋਂ 50 ਲੱਖ ਲੋਕ ਸਿੱਧੇ ਜਾਂ ਅਸਿੱਧੇ ਤੌਰ ’ਤੇ ਸਨਅਤ ਨਾਲ ਜੁੜੇ ਹਨ। ਇਨ੍ਹਾਂ ਸਾਰੇ ਲੋਕਾਂ ਦੇ ਕੰਮਕਾਜ ’ਤੇ ਮਾੜਾ ਅਸਰ ਪਿਆ ਹੈ। ਬਟਾਲਾ ਦੇ ਸਨਅਤਕਾਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮਾਲ ਗੱਡੀਆਂ ਬੰਦ ਹੋਣ ਕਾਰਨ ਬਟਾਲਾ ਵਿੱਚ ਕੱਚਾ ਮਾਲ ਨਹੀਂ ਪੁੱਜਿਆ ਅਤੇ ਨਾ ਹੀ ਉਦਯੋਗਾਂ ਵੱਲੋਂ ਤਿਆਰ ਮਾਲ ਦੂਜੇ ਰਾਜਾਂ ਤਕ ਜਾ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਕਿਸਾਨੀ ਸੰਕਟ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ, ਨਹੀਂ ਤਾਂ ਸੂਬੇ ਦੀ ਸਨਅਤ ਬੰਦ ਹੋ ਜਾਵੇਗੀ।