ਜਸਬੀਰ ਸਿੰਘ ਚਾਨਾ
ਫਗਵਾੜਾ, 24 ਅਕਤੂਬਰ
ਲਖੀਮਪੁਰ ਖੀਰੀ ’ਚ ਸ਼ਹੀਦ ਕਿਸਾਨਾਂ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਲਈ ਅੱਜ ਜਥਾ ਗੋਲ ਚੌਕ ਫਗਵਾੜਾ ਤੋਂ ਰਵਾਨਾ ਹੋਇਆ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਰਾਏ, ਮੀਤ ਪ੍ਰਧਾਨ ਕ੍ਰਿਪਾਲ ਸਿੰਘ ਮੂਸਾਪੁਰ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਗੁਰਪਾਲ ਸਿੰਘ ਮੌਲੀ ਪ੍ਰੈੱਸ ਸਕੱਤਰ, ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੋਲੀ, ਇੰਦਰਜੀਤ ਸਿੰਘ ਖਲਿਆਣ ਆਦਿ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਨਾ, ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ ਆਪਣੇ ਸਾਥੀਆਂ ਸਮੇਤ ਗੋਲ ਚੌਕ ਪੁੱਜੇ ।
ਗੜ੍ਹਸ਼ੰਕਰ (ਜੇਬੀ ਸੇਖੋਂ): ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਜਲ ਪ੍ਰਵਾਹ ਕਰਨ ਜਾ ਰਹੇ ਜਥੇ ਦਾ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਗੜ੍ਹਸ਼ੰਕਰ ਦੇ ਬਾਬਾ ਗੁਰਦਿੱਤ ਸਿੰਘ ਪਾਰਕ ਵਿੱਚ ਅਤੇ ਸ਼ੇਰੇ ਪੰਜਾਬ ਦੋਆਬਾ ਕਿਸਾਨ ਸਭਾ ਦੇ ਆਗੂਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ, ਡਾ. ਹਰਵਿੰਦਰ ਸਿੰਘ ਬਾਠ, ਪਰਮਜੀਤ ਸਿੰਘ ਬੱਬਰ, ਗੁਰਨੇਕ ਸਿੰਘ ਭੱਜਲ ਮੌਜੂਦ ਸਨ।
ਨਵਾਂਸ਼ਹਿਰ (ਲਾਜਵੰਤ ਸਿੰਘ): ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨਛੱਤਰ ਸਿੰਘ, ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ ਅਤੇ ਦਲਜੀਤ ਸਿੰਘ ਦੀ ਕਲਸ਼ ਯਾਤਰਾ ਅੱਜ ਨਵਾਸ਼ਹਿਰ ਵਿੱਚ ਪੁੱਜਣ ਉੱਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਮੱਖਣ ਸਿੰਘ ਭਾਨਮਜਾਰਾ, ਬਹਾਦਰ ਸਿੰਘ ਸ਼ਹਾਬਪੁਰ, ਸੁਰਿੰਦਰ ਸਿੰਘ ਮਹਿਰਮਪੁਰ, ਦੋਆਬਾ ਕਿਸਾਨ ਯੂਨੀਅਨ ਦੇ ਸਕੱਤਰ ਅਮਰਜੀਤ ਸਿੰਘ ਬੁਰਜ, ਕਰਮ ਸਿੰਘ ਪੱਖੋ ਕਲਾਂ, ਸਤਨਾਮ ਸਿੰਘ ਸਕੋਹਪੁਰ ਨੇ ਸੰਬੋਧਨ ਕੀਤਾ।
ਬਲਾਚੌਰ(ਸੁਭਾਸ਼ ਜੋਸ਼ੀ): ਕਿਸਾਨ ਸ਼ਹੀਦਾਂ ਦੀਆਂ ਅਸਥੀਆਂ ਨੂੰ ਟੌਲ ਪਲਾਜ਼ਾ ਮਜਾਰੀ ਅਤੇ ਬੱਛੂਆਂ ਵਿਖੇ ਸ਼ਰਧਾਂਜਲੀ ਦਿੱਤੀ ਗਈ। ਸੰਯੁਕਤ ਕਿਸਾਨ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਔਜਲਾ, ਹਰਵਿੰਦਰ ਸਿੰਘ ਚਾਹਲ, ਪ੍ਰੈੱਸ ਸਕੱਤਰ ਪਵਨ ਸ਼ਰਮਾ, ਭੁਪਿੰਦਰ ਸਿੰਘ ਜੋਗਿੰਦਰ ਸਿੰਘ , ਤਰਲੋਚਨ ਸਿੰਘ ਰੱਕੜ ਸਣੇ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।