ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਅਗਸਤ
ਇੱਥੇ ਜ਼ਿਲ੍ਹਾ ਸਕੱਤਰੇਤ ਦੀ ਇਮਾਰਤ ਉੱਪਰ ਖ਼ਾਲਿਸਤਾਨੀ ਝੰਡਾ ਝੁਲਾਉਣ ਅਤੇ ਕੌਮੀ ਤਿਰੰਗੇ ਦੀ ਬੇਅਦਬੀ ਕਰਨ ਦੇ ਮਾਮਲੇ ਵਿੱਚ ਤਿੰਨ ਥਾਣੇਦਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵਿਭਾਗ ਵਲੋਂ ਇਹ ਕਾਰਵਾਈ ਮੁਲਜ਼ਮਾਂ ਦੀ ਪੈੜ ਨੱਪਣ ਮਗਰੋਂ ਕੀਤੀ ਗਈ ਦੱਸੀ ਜਾਂਦੀ ਹੈ। ਪੁਲੀਸ ਇਸ ਘਟਨਾ ਬਾਰੇ ਭਲਕੇ ਖ਼ੁਲਾਸਾ ਕਰ ਸਕਦੀ ਹੈ।
ਸੀਸੀਟੀਵੀ ਕੈਮਰੇ ’ਚ ਆਜ਼ਾਦੀ ਦਿਹਾੜਾ ਮਨਾਊਣ ਤੋਂ ਕਰੀਬ 24 ਘੰਟੇ ਪਹਿਲਾਂ ਸਵੇਰੇ 8:30 ਵਜੇ ਦੋ ਨੌਜਵਾਨ ਬੇਖੌਫ਼ ਹੋ ਕੇ ਸਕੱਤਰੇਤ ਅੰਦਰ ਦਾਖ਼ਲ ਹੁੰਦੇ ਦਿਖਾਈ ਦੇ ਰਹੇ ਹਨ। ਇਸ ਫੁਟੇਜ ਦੇ ਆਧਾਰ ਉੱਤੇ ਪੁਲੀਸ ਨੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕੀਤੀ ਹੈ। ਸੀਆਈਏ ਸਟਾਫ ਵਲੋਂ ਕਰੀਬ ਇੱਕ ਦਰਜਨ ਸ਼ੱਕੀ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਗਈ। ਪੁਲੀਸ ਸੂਤਰਾਂ ਦਾ ਦਾਅਵਾ ਹੈ ਕਿ ਹਿਰਾਸਤ ਵਿੱਚ ਲਏ ਚਾਰ ਨੌਜਵਾਨਾਂ ਉੱਤੇ ਸ਼ੱਕ ਹੈ। ਇੱਥੇ ਸਕੱਤਰੇਤ ਉਤੇ ਖਾਲਿਸਤਾਨ ਦਾ ਝੰਡਾ ਝੁਲਾਉਣ ਦੀ ਘਟਨਾ ਮਗਰੋਂ ਸੰਤਰੀ ਦੀ ਡਿਊਟੀ ਲਈ ਤਾਇਨਾਤ ਤਿੰਨੋਂ ਥਾਣੇਦਾਰਾਂ ਗਾਰਦ ਇੰਚਾਰਜ ਧਲਵਿੰਦਰ ਸਿੰਘ, ਨਿਰਮਲ ਸਿੰਘ, ਮੱਖਣ ਸਿੰਘ (ਤਿੰਨੋਂ ਏਐੱਸਆਈ) ਦੀ ਬਦਲੀ ਕਰ ਦਿੱਤੀ ਗਈ ਸੀ ਅਤੇ ਹੁਣ ਪਿਛਲੀ ਤਰੀਕ ’ਚ ਮੁਅੱਤਲ ਕੀਤਾ ਗਿਆ ਹੈ। ਇੱਥੇ ਸਕੱਤਰੇਤ ’ਚ ਹੁਣ ਪ੍ਰਿਤਪਾਲ ਸਿੰਘ ਏਐੱਸਆਈ ਦੀ ਅਗਵਾਈ ਹੇਠ ਕੁਇੱਕ ਰਿਐਕਸ਼ਨ ਟੀਮ (ਕਿਊਆਰਟੀ) ਦੇ ਚਾਰ ਸਿਪਾਹੀਆਂ ਨੂੰ ਸੁਰੱਖਿਆ ਕਮਾਂਡ ਸੌਂਪੀ ਗਈ ਹੈ।
ਖਾਲਿਸਤਾਨੀ ਝੰਡਾ: ਪਾਣੀ ਵਾਲੀ ਟੈਂਕੀ ’ਤੇ ਖਾਲਿਸਤਾਨ ਦਾ ਝੰਡਾ ਲਾਇਆ
ਮਮਦੋਟ(ਨਿਜੀ ਪੱਤਰ ਪ੍ਰੇਰਕ): ਕਸਬਾ ਮਮਦੋਟ ’ਚ ਪੈਂਦੇ ਪਿੰਡ ਗੱਟੀ ਹਯਾਤ ਵਿਚ ਅੱਜ ਕਿਸੇ ਸ਼ਰਾਰਤੀ ਅਨਸਰ ਨੇ ਪਾਣੀ ਵਾਲੀ ਸਰਕਾਰੀ ਟੈਂਕੀ ’ਤੇ ਖਾਲਿਸਤਾਨ ਦਾ ਝੰਡਾ ਲਾ ਦਿੱਤਾ। ਝੰਡਾ ਲਾਉਣ ਮਗਰੋਂ ਉਹ ਫ਼ਰਾਰ ਹੋ ਗਿਆ, ਜਿਸ ਦਾ ਅਜੇ ਤਕ ਕੋਈ ਸੁਰਾਗ ਨਹੀਂ ਲੱਗਾ। ਸੂਚਨਾ ਮਿਲਦਿਆਂ ਹੀ ਥਾਣਾ ਮਮਦੋਟ ਦੇ ਮੁਖੀ ਇੰਸਪੈਕਟਰ ਰਵੀ ਕੁਮਾਰ ਆਪਣੀ ਪੁਲੀਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਗਏ ਤੇ ਝੰਡੇ ਨੂੰ ਲਾਹ ਕੇ ਆਪਣੇ ਕਬਜ਼ੇ ਵਿਚ ਲੈ ਲਿਆ। ਤਿੰਨ ਦਿਨਾਂ ਵਿਚ ਅਜਿਹੀ ਦੂਜੀ ਘਟਨਾ ਨਾਲ ਪੁਲੀਸ ਚੌਕਸ ਹੋ ਗਈ ਹੈ ਤੇ ਸ਼ਰਾਰਤੀ ਅਨਸਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਨੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ।
ਪੁਲੀਸ ਨੇ ‘ਰੈਫਰੈਂਡਮ 2020’ ਊੱਪਰ ਸ਼ਿਕੰਜਾ ਕੱਸ ਦਿੱਤਾ ਹੈ। ਪਿੰਡ ਢੁੱਡੀਕੇ ਵਿਚ ਧਾਰਮਿਕ ਸਥਾਨ ਅੰਦਰ ਖਾਲਿਸਤਾਨ ਦਾ ਝੰਡਾ ਝੁਲਾਉਣ ਮਗਰੋਂ ਭਾਰਤ ਸਰਕਾਰ ਵੱਲੋਂ ਅਤਿਵਾਦੀ ਐਲਾਨੇ ਜਾ ਚੁੱਕੇ ਸਿੱਖਸ ਫਾਰ ਜਸਟਿਸ (ਐੱਸਜੇਐੱਫ) ਦੇ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਵਾਇਰਲ ਕਰਕੇ ਝੰਡਾ ਝੁਲਾਉਣ ਵਾਲਿਆਂ ਨੂੰ ਪੰਜ ਹਜ਼ਾਰ ਅਮਰੀਕੀ ਡਾਲਰ ਦੇਣ ਦਾ ਐਲਾਨ ਕੀਤਾ ਹੈ। ਉਸ ਨੇ ਵੀਡੀਓ ’ਚ ਸਿੱਖ ਕੌਮ ਦੀ ਸ਼ਲਾਘਾ ਕੀਤੀ ਹੈ ਅਤੇ ‘ਰੈਫਰੈਂਡਮ 2020’ ਦੇ ਸਮਰਥਨ ਵਿੱਚ ਭੜਕਾਊ ਸ਼ਬਦਾਵਲੀ ਵਰਤੀ ਹੈ। ਉਸ ਨੇ ਪਹਿਲਾਂ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਜਿਹੜੇ ਲੋਕ 15 ਅਗਸਤ ਨੂੰ ਆਪਣੇ ਘਰਾਂ ਦੀਆਂ ਛੱਤਾਂ ’ਤੇ ਖ਼ਾਲਿਸਤਾਨੀ ਝੰਡੇ ਲਹਿਰਾਉਣਗੇ, ਉਨ੍ਹਾਂ ਨੂੰ 25 ਸੌ ਅਮਰੀਕੀ ਡਾਲਰ ਦਿੱਤੇ ਜਾਣਗੇ।
ਇੱਥੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਜ਼ਿਲ੍ਹੇ ਨੂੰ ਤਿੰਨ ਜ਼ੋਨਾਂ ਵਿੱਚ ਵੰਡਕੇ ‘ਰੈਫਰੈਂਡਮ 2020’ ਊੱਪਰ ਸ਼ਿਕੰਜਾ ਕੱਸਦਿਆਂ ਕਿਹਾ ਕਿ ਐੱਸਪੀਜ਼ ਤੇ ਡੀਐੱਸਪੀਜ਼ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਆਪੋ-ਆਪਣੀ ਜ਼ੋਨ ਵਿੱਚ ਪੁਖ਼ਤਾ ਸੁਰੱਖਿਆ ਪ੍ਰਬੰਧਾਂ ਜ਼ਿੰਮੇਵਾਰ ਹੋਣਗੇ। ਐੱਸਪੀ (ਪੀਬੀਆਈ) ਐੱਚਪੀਐੱਸ ਪਰਮਾਰ ਨੂੰ ਸਬ ਡਿਵੀਜ਼ਨ ਧਰਮਕੋਟ, ਐੱਸਪੀ (ਐੱਚ) ਗੁਰਦੀਪ ਸਿੰਘ ਨੂੰ ਮੋਗਾ ਸਬ ਡਿਵੀਜ਼ਨ ਅਤੇ ਐੱਸਪੀ (ਜਾਂਚ) ਜਗਤਪ੍ਰੀਤ ਸਿੰਘ ਨੂੰ ਬਾਘਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਦੀ ਕਮਾਂਡ ਸੌਂਪੀ ਗਈ ਹੈ। ਇਸੇ ਤਰ੍ਹਾਂ ਡੀਐੱਸਪੀ (ਸਿਟੀ) ਬੀਐੱਸ ਭੁੱਲਰ ਨੂੰ ਥਾਣਾ ਸਿਟੀ, ਥਾਣਾ ਦੱਖਣੀ ਸਿਟੀ, ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੂੰ ਥਾਣਾ ਧਰਮਕੋਟ ਅਤੇ ਥਾਣਾ ਫਤਿਹਗੜ੍ਹ ਪੰਜਤੂਰ, ਡੀਐੱਸਪੀ ਲਖਵਿੰਦਰ ਸਿੰਘ ਨੂੰ ਥਾਣਾ ਮਹਿਣਾ ਤੇ ਥਾਣਾ ਕੋਟ ਈਸੇ ਖਾਂ, ਡੀਐੱਸਪੀ ਬਾਘਾਪੁਰਾਣਾ ਜਸਬਿੰਦਰ ਸਿੰਘ ਖਹਿਰਾ ਨੂੰ ਥਾਣਾ ਬਾਘਾਪੁਰਾਣਾ ਤੇ ਡੀਐੱਸਪੀ ਮਨਜੀਤ ਸਿੰਘ ਨੂੰ ਥਾਣਾ ਸਮਾਲਸਰ, ਡੀਐੱਸਪੀ ਨਿਹਾਲ ਸਿੰਘ ਵਾਲਾ ਮਨਮੋਹਣ ਸਿੰਘ ਔਲਖ ਨੂੰ ਥਾਣਾ ਨਿਹਾਲ ਸਿੰਘ ਵਾਲਾ, ਡੀਐੱਸਪੀ ਰਮਨਦੀਪ ਸਿੰਘ ਭੁੱਲਰ ਨੂੰ ਥਾਣਾ ਅਜੀਤਵਾਲ ਤੇ ਥਾਣਾ ਬੱਧਨੀ ਕਲਾਂ ਡੀਐੱਸਪੀ ਸਾਈਬਰ ਕ੍ਰਾਇਮ ਸੁਖਵਿੰਦਰ ਸਿੰਘ ਨੂੰ ਥਾਣਾ ਸਦਰ ਅਤੇ ਥਾਣਾ ਚੜਿੱਕ ਉਨ੍ਹਾਂ ਦੀ ਨਿਗਰਾਨੀ ਹੇਠ ਹੋਣਗੇ।