ਐੱਸ.ਏ.ਐੱਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ):
ਮੁਹਾਲੀ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸਿੱਖ ਨੌਜਵਾਨ ਨੂੰ ਘਰੋਂ ਚੁੱਕ ਕੇ ਬਾਅਦ ਵਿੱਚ ਪੁਲੀਸ ਹਿਰਾਸਤ ’ਚੋਂ ਭਗੌੜਾ ਕਰਾਰ ਦੇਣ ਦੇ ਤਿੰਨ ਦਹਾਕਿਆਂ ਪੁਰਾਣੇ ਮਾਮਲੇ ਦਾ ਨਬਿੇੜਾ ਕਰਦਿਆਂ ਪੰਜਾਬ ਪੁਲੀਸ ਦੇ ਆਈਜੀ (ਸੇਵਾਮੁਕਤ) ਬਲਕਾਰ ਸਿੰਘ ਸਣੇ ਸਾਬਕਾ ਡੀਐੱਸਪੀ ਊਧਮ ਸਿੰਘ ਅਤੇ ਸਾਬਕਾ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 3-3 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਪੁਲੀਸ ਅਫ਼ਸਰਾਂ ’ਤੇ 7 ਮਈ 1992 ਵਿੱਚ ਪਿੰਡ ਜੱਸੋ ਨੰਗਲ (ਜ਼ਿਲ੍ਹਾ ਅੰਮ੍ਰਿਤਸਰ) ਦੇ ਵਸਨੀਕ ਸਿੱਖ ਨੌਜਵਾਨ ਸੁਰਜੀਤ ਸਿੰਘ ਨੂੰ ਘਰੋਂ ਚੁੱਕ ਕੇ ਲਿਜਾਉਣ ਦਾ ਦੋਸ਼ ਹੈ। ਇਸ ਸਬੰਧੀ ਪੀੜਤ ਨੌਜਵਾਨ ਦੀ ਪਤਨੀ ਬੀਬੀ ਪਰਮਜੀਤ ਕੌਰ ਦੀ ਸ਼ਿਕਾਇਤ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਘਟਨਾ ਦੇ 11 ਸਾਲਾਂ ਬਾਅਦ ਦੋਸ਼ੀ ਪੁਲੀਸ ਅਫ਼ਸਰਾਂ ਖ਼ਿਲਾਫ਼ ਧਾਰਾ 365 ਅਤੇ 120ਬੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।