ਜਸਵੰਤ ਜੱਸ
ਫ਼ਰੀਦਕੋਟ, 27 ਅਪਰੈਲ
ਇੱਥੋਂ ਦੀ ਪੁਲੀਸ ਨੇ ਸੁੱਖਾ ਦੁੱਨੇਕੇ ਅਤੇ ਬੰਬੀਹਾ ਗਰੁੱਪ ਦੇ ਤਿੰਨ ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮਿਲੀ ਸੂਚਨਾ ਅਨੁਸਾਰ ਪੁਲੀਸ ਨੇ ਮੁਲਜ਼ਮ ਗਗਨਦੀਪ ਸਿੰਘ, ਮਨਤਾਰ ਸਿੰਘ ਅਤੇ ਕਰਨ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਤਿੰਨ ਪਿਸਤੌਲਾਂ 32 ਬੋਰ ਦੇਸੀ, ਇੱਕ ਪਿਸਤੌਲ 30 ਬੋਰ, ਇੱਕ 315 ਬੋਰ, ਇੱਕ 12 ਬੋਰ ਦੀ ਪਿਸਤੌਲ, 23 ਰੌਂਦ ਅਤੇ ਇੱਕ ਸਵਿਫਟ ਕਾਰ ਬਰਾਮਦ ਕੀਤੀ ਹੈ। ਤਿੰਨੋਂ ਨੌਜਵਾਨ ਮਨੀ ਡਾਕਟਰ ਨਾਂ ਦੇ ਵਿਅਕਤੀ ਦੇ ਸੰਪਰਕ ਵਿੱਚ ਸਨ ਤੇ ਇਹ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਇਲਾਕਿਆਂ ਵਿੱਚ ਹਥਿਆਰਾਂ ਦੇ ਜ਼ੋਰ ’ਤੇ ਲੋਕਾਂ ਨੂੰ ਡਰਾ ਕੇ ਫਿਰੌਤੀਆਂ ਲੈਂਦੇ ਸਨ।
ਜ਼ਿਲ੍ਹਾ ਪੁਲੀਸ ਮੁਖੀ ਅਵਨੀਤ ਸਿੱਧੂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੁੱਨੇਕੇ ਅਤੇ ਬੰਬੀਹਾ ਗਰੁੱਪ ਦੇ ਸਰਗਰਮ ਮੈਂਬਰ ਹਨ। ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ ਖ਼ਿਲਾਫ਼ ਲੁੱਟ-ਖੋਹ, ਡਕੈਤੀ, ਚੋਰੀ, ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ ਇੱਕ ਦਰਜਨ ਦੇ ਕਰੀਬ ਕੇਸ ਦਰਜ ਹਨ, ਜਦੋਂਕਿ ਮਨਤਾਰ ਸਿੰਘ ਖ਼ਿਲਾਫ਼ ਕਤਲ ਤੇ ਇਰਾਦਾ ਕਤਲ ਸਮੇਤ ਪੰਜ ਅਪਰਾਧਿਕ ਕੇਸ ਦਰਜ ਹਨ। ਇਸੇ ਤਰ੍ਹਾਂ ਕਰਨ ਸ਼ਰਮਾ ਖ਼ਿਲਾਫ਼ ਵੀ ਦੋ ਕੇਸ ਦਰਜ ਹਨ। ਕਰਨ ਸ਼ਰਮਾ ਤੋਂ ਤੰਗ ਆ ਕੇ ਇੱਕ ਦਿਨ ਪਹਿਲਾਂ ਹੀ ਫ਼ਰੀਦਕੋਟ ਦੇ ਇੱਕ ਵਿਦਿਆਰਥੀ ਨੇ ਖ਼ੁਦਕੁਸ਼ੀ ਕਰ ਲਈ ਸੀ। ਪੁਲੀਸ ਨੇ ਤਿੰਨੋਂ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਹੈ।
ਏਜੀਟੀਐੱਫ ਵੱਲੋਂ ਜੈਪਾਲ ਭੁੱਲਰ ਦੇ ਦੋ ਸਾਥੀ ਗ੍ਰਿਫ਼ਤਾਰ
ਚੰਡੀਗੜ੍ਹ (ਟਨਸ): ਪੰਜਾਬ ਪੁਲੀਸ ਦੀ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐੱਫ) ਨੇ ਮਾਰੇ ਗਏ ਗੈਂਗਸਟਰ ਜੈਪਾਲ ਸਿੰਘ ਭੁੱਲਰ ਅਤੇ ਜਸਪ੍ਰੀਤ ਸਿੰਘ ਉਰਫ਼ ਜੱਸੀ ਦੇ ਦੋ ਸਾਥੀਆਂ ਅੰਮ੍ਰਿਤਪਾਲ ਅਤੇ ਤਜਿੰਦਰ ਸਿੰਘ ਨੂੰ ਤਰਨ ਤਾਰਨ ’ਚੋਂ ਗ੍ਰਿਫ਼ਤਾਰ ਕੀਤਾ ਹੈ। ਅੰਮ੍ਰਿਤਪਾਲ ’ਤੇ ਪਹਿਲਾਂ ਵੀ ਇਰਾਦਾ ਕਤਲ ਦਾ ਕੇਸ ਚੱਲ ਰਿਹਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਇੱਕ ਪੰਪ ਐਕਸ਼ਨ ਗੰਨ, ਪੰਜ ਕਾਰਤੂਸ ਅਤੇ ਇੱਕ ਕਾਰ ਵੀ ਬਰਾਮਦ ਕੀਤੀ ਹੈ। ਏਜੀਟੀਐੱਫ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਖੁਫੀਆ ਸੂਚਨਾਵਾਂ ਮਗਰੋਂ ਏਜੀਟੀਐੱਫ ਦੀ ਟੀਮ ਅੰਮ੍ਰਿਤਸਰ ਤੋਂ ਜੈਪਾਲ ਗਰੁੱਪ ਦੇ ਇੱਕ ਸਰਗਰਮ ਮੈਂਬਰ ਹਰਮਨ ਖੱਖ ਨੂੰ ਗ੍ਰਿਫਤਾਰ ਕਰਨ ਗਈ ਸੀ। ਇਸ ਦੌਰਾਨ ਹਰਮਨ ਖੱਖ ਤਾਂ ਭੱਜਣ ਵਿੱਚ ਕਾਮਯਾਬ ਹੋ ਗਿਆ ਪਰ ਅੰਮ੍ਰਿਤਪਾਲ ਅਤੇ ਤਜਿੰਦਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਹਾਂ ਖ਼ਿਲਾਫ਼ ਅਸਲਾ ਐਕਟ ਦੀ ਧਾਰਾ 25 ਤਹਿਤ ਐੱਸਐੱਸਓਸੀ ਅੰਮ੍ਰਿਤਸਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਡੀਆਈਜੀ ਭੁੱਲਰ ਨੇ ਦੱਸਿਆ ਕਿ ਏਜੀਟੀਐੱਫ ਦੀਆਂ ਟੀਮਾਂ ਜਲਦੀ ਹੀ ਹਰਮਨ ਨੂੰ ਵੀ ਗ੍ਰਿਫ਼ਤਾਰ ਕਰ ਲੈਣਗੀਆਂ।