ਬਹਾਦਰਜੀਤ ਸਿੰਘ/ਬਲਵਿੰਦਰ ਰੈਤ
ਰੂਪਨਗਰ/ਨੂਰਪੁਰ ਬੇਦੀ, 17 ਨਵੰਬਰ
ਰੂਪਨਗਰ ਜ਼ਿਲ੍ਹਾ ਪੁਲੀਸ ਨੇ ਬੀਤੇ ਦਿਨੀਂ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਖੇੜੀ ਵਿਚ ਇਕ ਨੌਜਵਾਨ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਤਹਿਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਅਸਲਾ ਅਤੇ ਗੋਲੀ-ਸਿੱਕਾ ਬਰਾਮਦ ਕੀਤਾ ਹੈ। ਅੱਜ ਰੂਪਨਗਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਨੀਅਰ ਪੁਲੀਸ ਕਪਤਾਨ (ਰੂਪਨਗਰ) ਡਾ. ਅਖਿਲ ਚੌਧਰੀ ਨੇੇ ਦੱਸਿਆ ਹੈ ਕਿ ਬੀਤੀ 9 ਨਵੰਬਰ ਨੂੰ ਚਰਨਜੀਤ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਖੇੜੀ (ਥਾਣਾ ਨੂਰਪੁਰ ਬੇਦੀ) ’ਤੇ ਕੁਝ ਵਿਅਕਤੀਆਂ ਨੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕੀਤਾ ਸੀ ਅਤੇ ਚਰਨਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਘਟਨਾ ਸਬੰਧੀ ਧਾਰਾ 307, 506, 34 ਅਤੇ ਅਸਲਾ ਐਕਟ ਤਹਿਤ ਥਾਣਾ ਨੂਰਪੁਰ ਬੇਦੀ ਵਿੱਚ ਕੇਸ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਐੱਸਪੀ (ਜਾਂਚ) ਅਜਿੰਦਰ ਅਤੇ ਡੀਐੱਸਪੀ (ਸ੍ਰੀ ਆਨੰਦਪੁਰ ਸਾਹਿਬ) ਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਨੂਰਪੁਰ ਬੇਦੀ ਥਾਣੇ ਦੇ ਮੁਖੀ ਇੰਸਪੈਕਟਰ ਭੁਪਿੰਦਰ ਸਿੰਘ ਵੱਲੋਂ ਨਾਕਾਬੰਦੀ ਦੌਰਾਨ ਮੁਲਜ਼ਮ ਰਾਹੁਲ ਸ਼ਰਮਾ ਉਰਫ ਜੌਲੀ ਵਾਸੀ ਪਿੰਡ ਖੇੜੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਦੇਸੀ ਕੱਟਾ (.315 ਬੋਰ) ਅਤੇ ਦੋ ਰੌਂਦ ਤੇ ਇਕ ਚੱਲਿਆ ਹੋਇਆ ਰੌਂਦ ਬਰਾਮਦ ਕੀਤਾ ਗਿਆ। ਤਫਤੀਸ਼ ਦੌਰਾਨ ਪ੍ਰਦੀਪ ਕੁਮਾਰ ਉਰਫ ਹਨੀ ਵਾਸੀ ਪਿੰਡ ਖੇੜੀ ਅਤੇ ਪਰਮਜੀਤ ਸਿੰਘ ਉਰਫ ਪੰਮੀ ਵਾਸੀ ਪਿੰਡ ਖੇੜੀ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਪੁਲੀਸ ਅਨੁਸਾਰ ਪ੍ਰਦੀਪ ਕੋਲੋਂ ਦੇਸੀ ਕੱਟਾ, ਇਕ ਰੌਂਦ ਸਮੇਤ ਗੱਡੀ (ਪੀਬੀ01ਬੀ-0859) ਅਤੇ ਪਰਮਜੀਤ ਸਿੰਘ ਉਰਫ ਪੰਮਾ ਕੋਲੋਂ ਦੇਸੀ ਕੱਟਾ ਅਤੇ 2 ਰੌਂਦ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਰਾਹੁਲ ਸ਼ਰਮਾ ਉਰਫ ਜੌਲੀ ਦੀ ਨਿਸ਼ਾਨਦੇਹੀ ’ਤੇ ਪੱਤਣ ਪੁਲ ਸਤਲੁਜ ਦਰਿਆ ਦੇ ਨੇੜਿਓਂ ਇੱਕ ਪਿਸਤੌਲ, 2 ਮੈਗਜ਼ੀਨ, 11 ਰੌਂਦ ਅਤੇ ਮੋਟਰਸਾਈਕਲ ਬਰਾਮਦ ਕੀਤੇ ਗਏ। ਪੁਲੀਸ ਅਨੁਸਾਰ ਪੁੱਛਗਿੱਛ ਦੌਰਾਨ ਮੁਲਜ਼ਮਾਂ ਤੋਂ ਹੋਰ ਖੁਲਾਸੇ ਹੋਣ ਦੀ ਊਮੀਦ ਹੈ।