ਸਰਬਜੀਤ ਸਿੰਘ ਭੰਗੂ
ਪਟਿਆਲ, 4 ਜੂਨ
ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਵਿਡ ਵਾਰਡ ਵਿੱਚ ਹਜ਼ਾਰ ਲਿਟਰ ਸਮਰੱਥਾ ਵਾਲਾ ਨਵਾਂ ਲਗਾਇਆ ਗਿਆ ਪੀਐੱਸਏ ਪਲਾਂਟ ਅੱਜ ਆਰੰਭ ਹੋ ਗਿਆ ਹੈ। ਇਹ ਪਲਾਂਟ ਹਵਾ ’ਚੋਂ ਆਕਸੀਜਨ ਲੈ ਕੇ ਇੱਕ ਦਿਨ ’ਚ 200 ਡੀ-ਟਾਈਪ ਸਿਲੰਡਰ ਭਰਨ ਦੀ ਸਮਰੱਥਾ ਰੱਖਦਾ ਹੈ। ਇਸ ਦੌਰਾਨ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਐਮਰਜੈਂਸੀ ਵਾਰਡ ਨੇੜੇ 62.78 ਲੱਖ ਦੀ ਲਾਗਤ ਵਾਲਾ ਆਕਸੀਜਨ ਮੈਨੀਫੋਲਡ ਦਾ ਉਦਘਾਟਨ ਵੀ ਕੀਤਾ।
ਪ੍ਰਨੀਤ ਕੌਰ ਨੇ ਕਿਹਾ ਕਿ ਸਰਕਾਰ ਨੇ ਕੋਵਿਡ ਦੀ ਸੰਭਾਵਤ ਤੀਜੀ ਲਹਿਰ ਸਬੰਧੀ ਲੋੜੀਂਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸੇ ਕੜੀ ਵਜੋਂ ਪਟਿਆਲਾ ਜ਼ਿਲ੍ਹੇ ’ਚ ਆਕਸੀਜਨ ਦੇ 10 ਪਲਾਂਟ ਸਥਾਪਤ ਕੀਤੇ ਜਾ ਰਹੇ ਹਨ, ਜਿਸ ਲਈ ਉਨ੍ਹਾਂ ਆਪਣੇ ਐੱਮਪੀ ਲੈਡ ਫੰਡ ’ਚੋਂ 2.08 ਕਰੋੜ ਰੁਪਏ ਦਿੱਤੇ ਹਨ। ਇਸ ਤੋਂ ਇਲਾਵਾ ਹਸਪਤਾਲ ਵਿੱਚ ਤਰਲ ਮੈਡੀਕਲ ਆਕਸੀਜਨ ਦੇ ਵੀ ਦੋ ਹੋਰ ਪਲਾਂਟ ਸਥਾਪਤ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਦੌਰਾਨ ਜਦੋਂ ਦੇਸ਼ ਭਰ ’ਚ ਆਕਸੀਜਨ ਦੀ ਕਮੀ ਪਾਈ ਜਾ ਰਹੀ ਸੀ ਤਾਂ ਪੰਜਾਬ ’ਚ ਆਕਸੀਜਨ ਉਪਲੱਬਧ ਸੀ। ਇਸ ਤੋਂ ਇਲਾਵਾ ਦਵਾਈਆਂ, ਐੱਲ-3 ਬੈੱਡਾਂ ਦੇ ਪ੍ਰਬੰਧਾਂ ਸਮੇਤ ਡਾਕਟਰਾਂ ਤੇ ਹੋਰ ਸਿਹਤ ਅਮਲੇ ਦੀ ਸਮੇਂ ਸਿਰ ਭਰਤੀ ਕਰਕੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀਕੇ ਤਿਵਾੜੀ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਐੱਚਐੱਸ ਰੇਖੀ, ਡਾ. ਆਰ.ਪੀ.ਐੱਸ. ਸਬਿੀਆ, ਡਾ. ਗਿਰੀਸ਼ ਸਾਹਨੀ ਤੇ ਹੋਰ ਹਾਜ਼ਰ ਸਨ।