ਜਗਜੀਤ ਸਿੰਘ
ਮੁਕੇਰੀਆਂ, 2 ਮਾਰਚ
ਗੰਨੇ ਦੀ ਅਦਾਇਗੀ ਨਾ ਹੋਣ ਦੇ ਰੋਸ ਵਜੋਂ ਅੱਜ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਅਗਵਾਈ ਹੇਠ ਮੁਕੇਰੀਆਂ ਖੰਡ ਮਿੱਲ ਵਿੱਚ ਕੰਡਾ ਜਾਮ ਕਰ ਦਿੱਤਾ। ਧਰਨੇ ਦੀ ਅਗਵਾਈ ਜਥੇਬੰਦੀ ਦੇ ਆਗੂ ਜਸਵੰਤ ਰੰਧਾਵਾ, ਇੰਦਰਜੀਤ ਸਿੰਘ ਖਾਲਸਾ ਤੇ ਸਤਨਾਮ ਸਿੰਘ ਚੀਮਾ ਨੇ ਕੀਤੀ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਖੰਡ ਮਿੱਲ ਵੱਲ ਕਿਸਾਨਾਂ ਦੀ ਕਰੀਬ 125 ਕਰੋੜ ਤੋਂ ਵੱਧ ਰਾਸ਼ੀ ਬਕਾਇਆ ਹੈ। ਪ੍ਰਬੰਧਕ ਹਰ ਵਾਰ ਭਰੋਸਾ ਦੇ ਕੇ ਮੁੱਕਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ 25 ਫਰਵਰੀ ਨੂੰ ਅਦਾਇਗੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ 2 ਮਾਰਚ ਤਕ ਵੀ ਉਨ੍ਹਾਂ ਨੂੰ ਰਾਸ਼ੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਖੰਡ ਮਿੱਲ ਅਧਿਕਾਰੀ ਹਰ ਸਾਲ ਕਿਸਾਨਾਂ ਨੂੰ ਅਦਾਇਗੀ ਲਈ ਖੱਜਲ ਕਰਦੇ ਹਨ। ਕਦੇ ਵੀ ਅਦਾਲਤੀ ਹੁਕਮਾਂ ਅਨੁਸਾਰ 14 ਦਿਨ ਅੰਦਰ ਲਗਾਤਾਰ ਅਦਾਇਗੀ ਜਾਂ 15 ਫੀਸਦੀ ਵਿਆਜ ਨਾਲ ਲੇਟ ਅਦਾਇਗੀ ਯਕੀਨੀ ਨਹੀਂ ਬਣਾਈ ਗਈ। ਅਦਾਇਗੀ ਨਾ ਹੋਣ ਕਾਰਨ ਛੋਟਾ ਕਿਸਾਨ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਿਹਾ ਹੈ।
ਇਸ ਮੌਕੇ ਮਿੱਲ ਅਧਿਕਾਰੀ ਸੰਜੈ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਰੋਜ਼ਾਨਾ ਅਦਾਇਗੀ ਦੀ ਹੱਦ ਡੇਢ ਕਰੋੜ ਤੋਂ 2 ਕਰੋੜ ਕਰਨ ਦੀ ਕੋਸ਼ਿਸ਼ ਕਰਨਗੇ ਅਤੇ 12 ਮਾਰਚ ਤਕ 50 ਕਰੋੜ ਦਾ ਕਰਜ਼ਾ ਮਿਲਣ ’ਤੇ ਅਦਾਇਗੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 125 ਕਰੋੜ ’ਚੋਂ ਰਹਿੰਦੀ ਰਾਸ਼ੀ ਬਾਰੇ ਉਹ ਕੋਈ ਪੱਕਾ ਭਰੋਸਾ ਨਹੀਂ ਦੇ ਸਕਦੇ ਪਰ ਹੋਰ ਬੈਂਕ ਕਰਜ਼ਾ ਲੈ ਕੇ ਕਰੀਬ 2 ਮਹੀਨਿਆਂ ਅੰਦਰ ਰਹਿੰਦੀ ਅਦਾਇਗੀ ਵੀ ਕਰ ਦਿੱਤੀ ਜਾਵੇਗੀ। ਇਸ ਮਗਰੋਂ ਕਿਸਾਨਾਂ ਨੇ ਵਾਅਦਾਖਿਲਾਫੀ ਹੋਣ ’ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦੇ ਕੇ ਤੁਲਾਈ ਕੰਡੇ ਤੋਂ ਧਰਨਾ ਚੁੱਕ ਲਿਆ।
ਗੰਨਾ ਸੰਘਰਸ਼ ਕਮੇਟੀ ਤੇ ਖੰਡ ਮਿੱਲ ਮੈਨੇਜਮੈਂਟ ਵਿਚਾਲੇ ਸਮਝੌਤਾ
ਸੰਗਰੂਰ (ਗੁਰਦੀਪ ਸਿੰਘ ਲਾਲੀ): ਗੰਨੇ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਬੀਤੀ ਰਾਤ ਮਿੱਲ ਮੈਨੇਜਮੈਂਟ ਤੇ ਗੰਨਾ ਸੰਘਰਸ਼ ਕਮੇਟੀ ਵਿਚਾਲੇ ਸਮਝੌਤਾ ਕਰਵਾ ਦਿੱਤਾ ਹੈ। ਇਸ ਤਹਿਤ ਖੰਡ ਮਿੱਲ ਮੈਨੇਜਮੈਂਟ ਵੱਲੋਂ ਕਿਸਾਨਾਂ ਨੂੰ ਰੋਜ਼ਾਨਾ 50 ਲੱਖ ਰੁਪਏ ਦੀ ਅਦਾਇਗੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਸਮਝੌਤੇ ਮਗਰੋਂ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਦੇ ਰੋਸ ਵਜੋਂ ਡੀਸੀ ਕੰਪਲੈਕਸ ਵਿੱਚ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਗੰਨਾ ਸੰਘਰਸ਼ ਕਮੇਟੀ ਦੇ ਆਗੂ ਬੀਤੀ ਰਾਤ ਹੀ ਹੇਠਾਂ ਉੱਤਰ ਆਏ ਅਤੇ ਬਾਕੀ ਕਿਸਾਨਾਂ ਵੱਲੋਂ ਵੀ ਡੀਸੀ ਦਫ਼ਤਰ ਅੱਗੇ ਲਗਾਇਆ ਧਰਨਾ ਖਤਮ ਕਰ ਦਿੱਤਾ ਗਿਆ। ਗੰਨਾ ਸੰਘਰਸ਼ ਕਮੇਟੀ ਦੇ ਆਗੂ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਅਤੇ ਸਾਬਕਾ ਸਰਪੰਚ ਸਰਬਜੀਤ ਸਿੰਘ ਅਲਾਲ ਨੇ ਦੱਸਿਆ ਕਿ ਬੀਤੀ ਰਾਤ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰ ਪਾਲ ਸਿੰਘ ਗਰੇਵਾਲ ਅਤੇ ਨਾਇਬ ਤਹਿਸੀਲਦਾਰ ਕ੍ਰਿਸ਼ਨ ਕੁਮਾਰ ਮਿੱਤਲ ਵੱਲੋਂ ਖੰਡ ਮਿੱਲ ਮੈਨੇਜਮੈਂਟ ਦੇ ਅਧਿਕਾਰੀਆਂ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਈ ਗਈ। ਇਸ ਦੌਰਾਨ ਖੰਡ ਮਿੱਲ ਮੈਨੇਜਮੈਂਟ ਦੇ ਅਧਿਕਾਰੀਆਂ ਨੇ ਰੋਜ਼ਾਨਾ 50 ਲੱਖ ਰੁਪਏ ਦੀ ਅਦਾਇਗੀ ਕਰਨ ਦਾ ਭਰੋਸਾ ਦਿੱਤਾ, ਜਿਸ ਮਗਰੋਂ ਟੈਂਕੀ ’ਤੇ ਚੜ੍ਹੇ ਹਰਜੀਤ ਸਿੰਘ ਬੁਗਰਾ ਅਤੇ ਪ੍ਰੇਮਜੀਤ ਸਿੰਘ ਭੋਜੋਵਾਲੀ ਹੇਠਾਂ ਉਤਰ ਆਏ ਅਤੇ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਅੱਗੇ ਲਾਇਆ ਧਰਨਾ ਸਮਾਪਤ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਖੰਡ ਮਿੱਲ ਵੱਲ ਕਿਸਾਨਾਂ ਦੀ ਕਰੀਬ 12 ਕਰੋੜ ਰੁਪਏ ਤੋਂ ਵੱਧ ਰਾਸ਼ੀ ਬਕਾਇਆ ਹੈ। ਸਮਝੌਤੇ ਤਹਿਤ ਮੈਨੇਜਮੈਂਟ ਦੇ ਅਧਿਕਾਰੀਆਂ ਨੇ 31 ਮਾਰਚ ਤਕ ਸਾਰਾ ਬਕਾਇਆ ਦੇਣ ਦਾ ਭਰੋਸਾ ਦਿੱਤਾ ਹੈ।