ਕਰਮਜੀਤ ਸਿੰਘ ਚਿੱਲਾ
ਬਨੂੜ, 3 ਫਰਵਰੀ
ਇਸ ਖੇਤਰ ਦੇ ਸਮੁੱਚੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ-ਟਰਾਲੀਆਂ ਅਤੇ ਹੋਰ ਸਾਧਨਾਂ ਰਾਹੀਂ ਦਿੱਲੀ ਵੱਲ ਰਵਾਨਾ ਹੋ ਰਹੇ ਹਨ। ਪਿੰਡ ਤੰਗੌਰੀ ਤੋਂ ਅੱਜ ਸਵੇਰੇ ਕਿਸਾਨੀ ਨਾਅਰਿਆਂ ਦੀ ਗੂੰਜ ਵਿੱਚ ਅੱਜ ਵੱਡੀ ਗਿਣਤੀ ਵਿੱਚ ਨੌਜਵਾਨ ਟਰੈਕਟਰਾਂ-ਟਰਾਲੀਆਂ ਰਾਹੀਂ ਦਿੱਲੀ ਦੇ ਸਿੰਘੂ ਬਾਰਡਰ ਲਈ ਰਵਾਨਾ ਹੋਏ। ਪਿੰਡ ਦੀ ਨੌਜਵਾਨ ਮਹਿਲਾ ਵਕੀਲ ਸਰਪੰਚ ਐਡਵੋਕੇਟ ਅਮਨਦੀਪ ਕੌਰ ਨੇ ਪਿੰਡ ਦੇ ਨੌਜਵਾਨਾਂ ਨੂੰ ਦਿੱਲੀ ਲਈ ਰਵਾਨਾ ਕੀਤਾ। ਇਸੇ ਤਰਾਂ ਪਿੰਡ ਖਨਪੁਰ ਬੰਗਰ, ਪਿੰਡ ਦੇਵੀਨਗਰ (ਅਬਰਾਵਾਂ), ਪਿੰਡ ਮਨੌਲੀ ਸੂਰਤ, ਰਾਜੋਮਾਜਰਾ, ਗੀਗੇਮਾਜਰਾ, ਧਰਮਗੜ੍ਹ, ਮੁਠਿਆੜਾਂ, ਖਲੌਰ, ਮਨੌਲੀ ਸੂਰਤ ਆਦਿ ਪਿੰਡਾਂ ਵਿੱਚੋਂ ਵੀ ਵੱਡੇ ਜਥੇ ਦਿੱਲੀ ਲਈ ਰਵਾਨਾ ਹੋਏ। ਪਿੰਡ ਗੁਰਨਾ ਖੇੜੀ ਦੀ ਪੰਚਾਇਤ ਅਤੇ ਗੁਰਦੁਆਰਾ ਕਮੇਟੀ ਅਤੇ ਯੂਥ ਕਲੱਬ ਵੱਲੋਂ ਵੀ ਸਾਂਝੇ ਤੌਰ ’ਤੇ ਮਤਾ ਪਾਸ ਕਰਕੇ ਹਰ ਘਰ ਵਿੱਚੋਂ ਇੱਕ ਵਿਅਕਤੀ ਦੀ ਦਿੱਲੀ ਜਾਣ ਲਈ ਡਿਊਟੀ ਲਗਾਈ ਗਈ।
ਮੋਰਿੰਡਾ: ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਲਈ ਵੱਡੀ ਗਿਣਤੀ ਵਿੱਚ ਮੋਰਿੰਡਾ ਬਲਾਕ ਦੇ ਕਿਸਾਨ ਦਿੱਲੀ ਲਈ ਰਵਾਨਾ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਦਲਜੀਤ ਸਿੰਘ ਚਲਾਕੀ ਨੇ ਦੱਸਿਆ ਕਿ ਮੋਰਿੰਡਾ ਬਲਾਕ ਦੇ 10 ਪਿੰਡਾਂ ਦੇ ਕਿਸਾਨ ਗੁਰਦੁਆਰਾ ਸ਼ਹੀਦਗੰਜ ਮੋਰਿੰਡਾ ਵਿੱਚ ਇਕੱਠੇ ਹੋਏ ਅਤੇ ਰਵਾਨਾ ਹੋਣ ਤੋਂ ਪਹਿਲਾਂ ਅਰਦਾਸ ਕੀਤੀ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸ਼ੰਭੂ ਟੌਲ ਪਲਾਜ਼ਾ ’ਤੇ ਧਰਨੇ ’ਤੇ ਬੈਠੇ ਕਿਸਾਨਾਂ ਨੇ ਅੱਜ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਅਤੇ ਕਿਸਾਨਾਂ ਦੀ ਚੜ੍ਹਦੀ ਕਲਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੱਦਬੁੱਧੀ ਲਈ ਅਰਦਾਸ ਕੀਤੀ। ਇਸ ਮੌਕੇ ਅੰਬਾਲਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਤੋਂ ਬੀਬੀਆਂ ਸੈਂਕੜਿਆਂ ਦੀ ਗਿਣਤੀ ਵਿਚ ਪਹੁੰਚੀਆਂ ਹੋਈਆਂ ਸਨ।
ਨੌਜਵਾਨਾਂ ਵੱਲੋਂ ਏਕਤਾ ਦੇ ਪ੍ਰਗਟਾਵੇ ਵਜੋਂ ਟਰੈਕਟਰ ਰੈਲੀ
ਮੋਰਿੰਡਾ (ਸੰਜੀਵ ਤੇਜਪਾਲ): ਇਲਾਕੇ ਦੇ ਨੌਜਵਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸਹਿਯੋਗ ਨਾਲ ਸ਼ਾਂਤੀ ਅਤੇ ਏਕਤਾ ਦੇ ਪ੍ਰਗਟਾਵੇ ਵਜੋਂ ਟਰੈਕਟਰ ਰੈਲੀ ਕੱਢੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵਕਰਨ ਸਿੰਘ ਅਤੇ ਆਦਿੱਤਿਆ ਬੱਤਾ ਨੇ ਕਿਹਾ ਕਿ ਇਹ ਰੈਲੀ ਸ਼ਾਂਤੀ ਸਦਭਾਵਨਾ ਅਤੇ ਕਿਸਾਨ-ਮਜ਼ਦੂਰ ਏਕਤਾ ਨੂੰ ਮਜ਼ਬੂਤ ਕਰਨ ਲਈ ਕੱਢੀ ਗਈ ਹੈ। ਇਸ ਮੌਕੇ ਹਰਪਾਲ ਸਿੰਘ ਦਤਾਰਪੁਰ, ਸੁਰਜੀਤ ਸਿੰਘ ਤਾਜਪੁਰਾ, ਗੁਰਚਰਨ ਸਿੰਘ ਢੋਲਣਮਾਜਰਾ, ਮਨਦੀਪ ਸਿੰਘ ਰੌਣੀ, ਵਿਕਰਮ ਬੱਤਾ, ਬਲਵਿੰਦਰ ਸਿੰਘ ਬਾਜਵਾ, ਪਰਮਵੀਰ ਸਿੰਘ, ਜੋਰਾਵਰ ਸਿੰਘ, ਦਲਵੀਰ ਸਿੰਘ, ਕਮਲ ਸੋਮਲ, ਪ੍ਰਭਜੋਤ ਸਿੰਘ, ਦਵਿੰਦਰ ਸਿੰਘ, ਅਮਨਿੰਦਰ ਸਿੰਘ ਅਤੇ ਇਲਾਕੇ ਦੇ ਹੋਰ ਨੌਜਵਾਨ ਮੌਜੂਦ ਸਨ।
ਆੜ੍ਹਤੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਰੈਲੀ
ਫ਼ਤਹਿਗੜ੍ਹ ਸਾਹਿਬ (ਹਿਮਾਂਸ਼ੂ ਸੂਦ): ਆੜ੍ਹਤੀ ਐਸੋਸੀਏਸ਼ਨ ਸਰਹਿੰਦ ਦੇ ਪ੍ਰਧਾਨ ਭੁਪਿੰਦਰ ਸਿੰਘ ਨੰਬਰਦਾਰ ਦੀ ਅਗਵਾਈ ਵਿਚ ਇੱਥੇ ਆੜ੍ਹਤੀਆਂ ਨੇ ਕੇਂਦਰ ਸਰਕਾਰ ਖਿਲਾਫ਼ ਅਨਾਜ ਮੰਡੀ ਸਰਹਿੰਦ ਤੋਂ ਬੱਸ ਸਟੈਂਡ ਸਰਹਿੰਦ ਤੱਕ ਰੋਸ ਰੈਲੀ ਕੀਤੀ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਐਸੋਸੀਏਸ਼ਨ ਸਰਹਿੰਦ ਦੇ ਪ੍ਰਧਾਨ ਭੁਪਿੰਦਰ ਸਿੰਘ ਨੰਬਰਦਾਰ ਨੇ ਕਿਹਾ ਕਿ ਕਿਸਾਨ ਅੰਦਲੋਨ 3 ਖੇਤੀ ਕਾਨੂੰਨ ਰੱਦ ਹੋਣ ਤੱਕ ਜਾਰੀ ਰਹੇਗਾ।
ਟੌਲ ਪਲਾਜ਼ਾ ’ਤੇ ਧਰਨਾ 115ਵੇਂ ਦਿਨ ਵਿੱਚ ਦਾਖਲ
ਅਜ਼ੀਜ਼ਪੁਰ ਦੇ ਟੌਲ ਪਲਾਜ਼ੇ ’ਤੇ ਕਿਸਾਨਾਂ ਦਾ ਧਰਨਾ 115ਵੇਂ ਦਿਨ ਵਿੱਚ ਦਾਖਲ ਹੋ ਗਿਆ। ਕਿਸਾਨ ਆਗੂਆਂ ਗੁਰਦਰਸ਼ਨ ਸਿੰਘ ਖਾਸਪੁਰ, ਮੋਹਨ ਸਿੰਘ ਸੋਢੀ, ਜਗਜੀਤ ਸਿੰਘ ਕਰਾਲਾ, ਕਿਰਪਾਲ ਸਿੰਘ ਸਿਆਊ, ਸਾਬਕਾ ਫੌਜੀਆਂ ਦੇ ਆਗੂ ਪ੍ਰੇਮ ਸਿੰਘ ਬਨੂੜ ਅਤੇ ਵਾਹਿਗੁਰੂ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਅੱਜ ਟੌਲ ਪਲਾਜ਼ੇ ਉੱਤੇ ਕੇਂਦਰ ਸਰਕਾਰ ਜ਼ੋਰਦਾਰ ਨਾਅਰੇਬਾਜ਼ੀ ਕੀਤੀ।