ਦਵਿੰਦਰ ਪਾਲ
ਚੰਡੀਗੜ੍ਹ, 1 ਅਪਰੈਲ
ਪੰਜਾਬ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਕੌਮੀ ਰਾਜਧਾਨੀ ’ਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲੱਗੇ ਮੋਰਚੇ ’ਚ ਸ਼ਮੂਲੀਅਤ ਲਈ ਕਿਸਾਨ ਬੀਬੀਆਂ ਨੇ ਦਿੱਲੀ ਵੱਲ ਵਹੀਰਾਂ ਘੱਤਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਦੋ ਦਿਨਾਂ ਤੋਂ ਲਗਾਤਾਰ ਔਰਤਾਂ ਦੇ ਜਥੇ ਦਿੱਲੀ ਪੁੱਜ ਰਹੇ ਹਨ, ਤਾਂ ਜੋ ਦਿੱਲੀ ’ਚ ਲੱਗੇ ਮੋਰਚਿਆਂ ਦਾ ਜੋਸ਼ ਮੱਠਾ ਨਾ ਪਵੇ।
ਕਿਸਾਨ ਆਗੂਆਂ ਅਨੁਸਾਰ ਮਾਨਸਾ, ਬਰਨਾਲਾ ਤੇ ਮੋਗਾ ਜ਼ਿਲ੍ਹੇ ’ਚੋਂ ਔਰਤਾਂ ਦੇ ਕਾਫ਼ਲੇ ਸਿੰਘੂ ਤੇ ਟਿਕਰੀ ਪੁੱਜ ਰਹੇ ਹਨ। ਪੰਜਾਬ ’ਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਜਪਾ ਆਗੂਆਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ ’ਤੇ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਅੱਗੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਤੇ ਮੋਗਾ ਦੇ ਸਾਈਲੋ ਦੇ ਬਾਹਰ ਤੇ ਸਵਾ ਸੌ ਤੋਂ ਵੱਧ ਥਾਈਂ ਧਰਨੇ ਜਾਰੀ ਹਨ।
ਸੰਯੁਕਤ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਮੋਰਚੇ ਵੀ ਆਉਂਦੇ ਦਿਨਾਂ ਦੌਰਾਨ ਜਾਰੀ ਰਹਿਣਗੇ ਤੇ ਦਿੱਲੀ ਦੇ ਮੋਰਚੇ ਵਿੱਚ ਕਿਸਾਨਾਂ ਅਤੇ ਖਾਸਕਰ ਔਰਤਾਂ ਦੀ ਵੱਡੀ ਗਿਣਤੀ ਸ਼ਮੂਲੀਅਤ ਕੇਂਦਰ ਸਰਕਾਰ ਦੇ ਭੁਲੇਖੇ ਕੱਢ ਦੇਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਹਾੜ੍ਹੀ ਦੀ ਫ਼ਸਲ ਸੰਭਾਲਣੀ ਕਿਸਾਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਪਰ ਮੋਰਚੇ ’ਚ ਡਟੇ ਕਿਸਾਨਾਂ ਦੀ ਮਦਦ ਲਈ ਯੂਨੀਅਨਾਂ ਦੇ ਕਾਰਕੁਨ ਖੇਤਾਂ ਵਿੱਚ ਮੋਰਚਾ ਸਾਂਭਣਗੇ। ਉਨ੍ਹਾਂ ਮੁਤਾਬਕ ਕੰਮ ਦੇ ਨਾਲ ਅੰਦੋਲਨ ਜਾਰੀ ਰੱਖ ਕੇ ਹੀ ਜ਼ਾਲਮ ਤੇ ਲੋਕ ਵਿਰੋਧੀ ਹਕੂਮਤ ਨੂੰ ਝੁਕਾਉਂਦਿਆਂ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਕਣਕ ਦੀ ਖ਼ਰੀਦ ਸਬੰਧੀ ਲਗਾਈਆਂ ਜਾ ਰਹੀਆਂ ਸ਼ਰਤਾਂ ਬਾਰੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਧੀ ਅਦਾਇਗੀ ਦੇ ਰੌਲੇ ਹੇਠ ਸਰਕਾਰ ਕਣਕ ਦੀ ਖ਼ਰੀਦ ਤੋਂ ਭੱਜ ਰਹੀ ਹੈ ਤੇ ਚੱਲ ਰਹੇ ਅੰਦੋਲਨ ਦੌਰਾਨ ਸਿੱਧੀ ਅਦਾਇਗੀ ਦਾ ਮਾਮਲਾ ਕਿਸਾਨਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰਨ ਵਾਲਾ ਹੈ।
ਭਲਕੇ ਪੰਜਾਬ ’ਚ ਦਾਖ਼ਲ ਹੋਵੇਗੀ ‘ਮਿੱਟੀ ਸੱਤਿਆਗ੍ਰਹਿ ਯਾਤਰਾ’
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਦੇ ਲੋਕਾਂ ਨੂੰ ਜੋੜਨ ਦੇ ਉਦੇਸ਼ ਨਾਲ ਸਮਾਜਿਕ ਕਾਰਕੁਨ ਮੇਧਾ ਪਾਟੇਕਰ ਦੀ ਅਗਵਾਈ ਹੇਠ ਕੱਢੀ ਜਾ ਰਹੀ ‘ਮਿੱਟੀ-ਸੱਤਿਆਗ੍ਰਹਿ ਯਾਤਰਾ’ 3 ਅਪਰੈਲ ਨੂੰ ਪੰਜਾਬ ’ਚ ਦਾਖ਼ਲ ਹੋਵੇਗੀ ਅਤੇ ਪੰਜਾਬ ’ਚ ਦਾਖ਼ਲੇ ਮਗਰੋਂ ਯਾਤਰਾ ਦਾ ਪੜਾਅ ਮਾਨਸਾ ਵਿੱਚ ਹੋਵੇਗਾ। ਇਹ ਯਾਤਰਾ 4 ਅਪਰੈਲ ਨੂੰ ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ਪਹੁੰਚੇਗੀ ਅਤੇ ਸ਼ਹੀਦਾਂ ਦੀ ਧਰਤੀ ਤੋਂ ਮਿੱਟੀ ਲੈਣ ਮਗਰੋਂ 5 ਅਪਰੈਲ ਨੂੰ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ 6 ਅਪਰੈਲ ਨੂੰ ਟਿਕਰੀ ਅਤੇ ਸਿੰਘੂ ਕਿਸਾਨ-ਮੋਰਚਿਆਂ ’ਤੇ ਸਮਾਪਤ ਹੋਵੇਗੀ।
ਦਿੱਲੀ ਤੋਂ ਪਰਤਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਪਿੰਡ ਮਨਸੂਰਪੁਰ ਵਡਾਲਾ ਦੇ 18 ਸਾਲਾ ਨੌਜਵਾਨ ਦੀ ਦਿੱਲੀ ਸੰਘਰਸ਼ ਤੋਂ ਵਾਪਸ ਆਉਂਦਿਆਂ ਪਾਣੀਪਤ ਨੇੜੇ ਹਾਦਸੇ ਵਿੱਚ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਦਿੱਲੀ ਸੰਘਰਸ਼ ਵਿੱਚ ਹਿੱਸਾ ਲੈਣ ਲਈ ਪਿੰਡ ਮਨਸੂਰਪੁਰ ਵਡਾਲਾ ਤੋਂ ਟਰੈਕਟਰ-ਟਰਾਲੀ ’ਤੇ ਬੀਤੀ 29 ਮਾਰਚ ਨੂੰ ਕਿਸਾਨ ਦਿੱਲੀ ਲਈ ਰਵਾਨਾ ਹੋਏ ਸਨ ਤੇ ਅੱਜ ਜਦੋਂ ਉਹ ਵਾਪਸ ਪਿੰਡ ਆ ਰਹੇ ਸਨ ਤਾਂ ਪਾਣੀਪਤ ਨੇੜੇ ਅਰਸ਼ਪ੍ਰੀਤ ਸਿੰਘ (18) ਪੁੱਤਰ ਗੁਰਿੰਦਰ ਸਿੰਘ ਟਰੈਕਟਰ ਤੋਂ ਅਚਾਨਕ ਹੇਠਾਂ ਡਿੱਗ ਕੇ ਟਾਇਰ ਹੇਠਾਂ ਆ ਗਿਆ। ਉਸ ਨੂੰ ਪਾਣੀਪਤ ਦੇ ਹਸਪਤਾਲ ਲਿਜਾਇਆ ਗਿਆ ਪਰ ਡਾਰਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਰਸ਼ਪ੍ਰੀਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ।