ਪਾਲ ਸਿੰਘ ਨੌਲੀ
ਜਲੰਧਰ, 31 ਦਸੰਬਰ
ਕਿਸਾਨੀ ਮੋਰਚਾ ਭਾਵੇਂ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਿਹਾ ਹੈ ਪਰ ਹੁਣ ਇਹ ਸੰਘਰਸ਼ ਸਾਰੀਆਂ ਹੱਦਾਂ ਤੇ ਸਰਹੱਦਾਂ ਟੱਪ ਗਿਆ ਹੈ ਅਤੇ ਦੁਨੀਆਂ ਦੇ ਮੰਚਾਂ ਤੋਂ ਮੁਖਾਤਬਿ ਹੋ ਰਿਹਾ ਹੈ। ਪੋਹ ਦੀਆਂ ਹੱਡ ਚੀਰਵੀਂਆਂ ਠੰਢੀਆਂ ਰਾਤਾਂ ਵਿੱਚ ਵੀ ਕਿਸਾਨਾਂ ਦਾ ਜਜ਼ਬਾ ਇਸ ਨੂੰ ਗਰਮਾਹਟ ਦੇ ਰਿਹਾ ਹੈ। ਚੜ੍ਹਦੇ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਕਿਸਾਨੀ ਘੋਲ ਲਈ ਗਏ ਜਾ ਰਹੇ ਇਨਕਲਾਬੀ ਗੀਤਾਂ ਵਿੱਚ ਲਹਿੰਦੇ ਪੰਜਾਬ ਨੇ ਵੀ ਸੁਰ ਮਿਲਾ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਲਾਹੌਰ ਵਿੱਚ ਵੀ ਧੂਣੀਆਂ ਬਾਲ ਕੇ ਬੈਠੇ ਨੌਜਵਾਨ ਕਿਸਾਨ ਦਿੱਲੀ ਮੋਰਚਿਆਂ ਵਿੱਚ ਬੈਠੇ ਬਜ਼ੁਰਗਾਂ, ਬੱਚਿਆਂ ਤੇ ਔਰਤਾਂ ਦੇ ਹੱਕ ਵਿੱਚ, ਜਿੱਥੇ ਗੀਤ ਗਾ ਰਹੇ ਹਨ, ਉਥੇ ਗੀਤਾਂ ਰਾਹੀਂ ਹੀ ਆਪਣੀ ਬੇਵੱਸੀ ਜ਼ਾਹਰ ਕਰ ਰਹੇ ਹਨ। ਲਹਿੰਦੇ ਪੰਜਾਬ ਦੇ ਨੌਜਵਾਨ ਕਿਸਾਨਾਂ ਵਿੱਚੋਂ ਚਾਰ-ਪੰਜ ਭਰਾਵਾਂ ਨੇ ਰਲ ਕੇ ਗੀਤ ਗਾਇਆ ਹੈ, ਜਿਸ ਵਿੱਚ ਉਹ ਕਹਿੰਦੇ ਹਨ ਕਿ ‘ਪਈ ਸੀ ਜੋ ਵੰਡ ਸੰਤਾਲੀ ਵੇਲੇ ਦੀ, ਰਚੀ ਹੋਈ ਹੈ ਹੱਡਾਂ ਵਿੱਚ ਚੀਸ ਬਣ ਕੇ, ਪਹਿਲੀਆਂ ਤੇ ਲੀਕਾਂ ਅਜੇ ਟੱਪੀਆਂ ਨਹੀਂ ਗਈਆਂ, ਨਵਾਂ ਜੋ ਕਿਸਾਨੀ ਵਾਲਾ ਮੁੱਦਾ ਛੇੜਤਾ, ਚੜ੍ਹਦਾ ਪੰਜਾਬ ਆਵਾਜ਼ ਮਾਰੇ ਲਹਿੰਦੇ ਨੂੰ, ਦੁਨੀਆਂ ਇਹ ਆਖੂ ਸ਼ੇਰ ਸੁੱਤਾ ਛੇੜਤਾ’। ਇਸ ਗੀਤ ਵਿੱਚ ਨੌਜਵਾਨ ਪੁਰਾਤਨ ਪੰਜਾਬ ਦੀ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਕਿਵੇਂ ਖੇਤਾਂ ਵਿੱਚ ਬਲਦਾਂ ਨਾਲ ਹਲ਼ ਵਾਹ ਕੇ ਸਾਡਾ ਇਹ ਪੰਜਾਬ ਤਕੜਾ ਤੇ ਜੁਆਨ ਹੋਇਆ ਸੀ ਤੇ ਹੁਣ ਉਸੇ ਪੰਜਾਬ ਨੂੰ ਅਤਿਵਾਦੀ ਕਿਹਾ ਜਾ ਰਿਹਾ ਹੈ।
ਜ਼ੁਬੈਦ ਅਹਿਮਦ ਨੇ ਲਾਹੌਰ ਤੋਂ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲਹਿੰਦੇ ਪੰਜਾਬ ਵਿੱਚ ਵੀ ਦਿੱਲੀ ’ਚ ਲੱਗੇ ਕਿਸਾਨੀ ਮੋਰਚੇ ਦੀ ਬਹੁਤ ਚਰਚਾ ਹੁੰਦੀ ਹੈ। ਉਥੋਂ ਦੀਆਂ ਸ਼ਾਹਮੁਖੀ, ਉਰਦੂ ਤੇ ਅੰਗਰੇਜ਼ੀ ਅਖ਼ਬਾਰਾਂ ਵਿੱਚ ਕਿਸਾਨੀ ਮੋਰਚੇ ਬਾਰੇ ਪ੍ਰਮੁੱਖਤਾ ਨਾਲ ਖ਼ਬਰਾਂ ਛਪ ਰਹੀਆਂ ਹਨ। ਪਾਕਿਸਤਾਨ ਦੀ ਸਭ ਤੋਂ ਵੱਡੀ ਉਰਦੂ ਅਖ਼ਬਾਰ ‘ਜੰਗ’ ਵਿੱਚ ਵੀ ਕਿਸਾਨੀ ਮੋਰਚੇ ’ਤੇ ਕੇਂਦਰ ਦੀ ਹਕੂਮਤ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਦੀਆਂ ਖਬਰਾਂ, ਤਸਵੀਰਾਂ ਸਮੇਤ ਛਪ ਰਹੀਆਂ ਹਨ। ਜ਼ੁਬੈਰ ਅਹਿਮਦ ਦਾ ਕਹਿਣਾ ਸੀ ਕਿ ਹਾਲਾਂਕਿ ਲਹਿੰਦੇ ਪੰਜਾਬ ਵਿੱਚ ਵੀ ਕਿਸਾਨੀ ਦਾ ਹਾਲ ਬਹੁਤਾ ਚੰਗਾ ਨਹੀਂ ਰਿਹਾ ਪਰ ਜਿਹੜਾ ਹੰਭਲਾ ਚੜ੍ਹਦੇ ਪੰਜਾਬ ਦੇ ਕਿਸਾਨਾਂ ਨੇ ਮਾਰਿਆ ਹੈ ਉਹ ਇਤਿਹਾਸ ਬਣ ਗਿਆ ਹੈ।