ਪ੍ਰਭੂ ਦਿਆਲ
ਸਿਰਸਾ, 21 ਮਈ
ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਸਾਧਵੀਆਂ ਨਾਲ ਜਬਰ-ਜਨਾਹ ਤੇ ਉਸ ਦੇ ਪਿਤਾ ਦੇ ਕਤਲ ਦੇ ਮਾਮਲੇ ’ਚ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਿੱਤੇ ਜਾਣ ’ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਹੁਣ ਡੇਰਾ ਮੁਖੀ ਨੂੰ ਸਿਰਸਾ ਲਿਆਉਣ ਲਈ ਰਾਹ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਡੇਰਾ ਮੁਖੀ ਨੂੰ 24 ਅਕਤੂਬਰ ਨੂੰ ਪੈਰੋਲ ਦਿੱਤੀ ਗਈ ਤੇ ਹੁਣ 48 ਘੰਟਿਆਂ ਲਈ ਮੁੜ ਪੈਰੋਲ ਦਿੱਤੀ ਗਈ ਹੈ। ਕਰੋਨਾ ਦੇ ਮੱਦੇਨਜ਼ਰ ਤਾਲਾਬੰਦੀ ਹੈ, ਜਿਸ ਕਾਰਨ ਅਦਾਲਤ ਬੰਦ ਹੈ। ਇਸ ਦਾ ਫ਼ਾਇਦਾ ਲਿਆ ਜਾ ਰਿਹਾ ਹੈ। ਇਹ ਪੈਰੋਲ ਨਹੀਂ ਮਿਲੀਭੁਗਤ ਦੀ ਖੇਡ ਖੇਡੀ ਜਾ ਰਹੀ ਹੈ।
ਅੰਸ਼ੁਲ ਛਤਰਪਤੀ ਨੇ ਕਿਹਾ ਕਿ ਪਹਿਲਾਂ ਬਿਮਾਰੀ ਦਾ ਕਥਿਤ ਡਰਾਮਾ ਕਰਕੇ ਉਸ ਨੂੰ ਪੀਜੀਆਈ ਲਿਆਂਦਾ ਗਿਆ। ਜਦੋਂ ਡਾਕਟਰਾਂ ਨੇ ਰਿਪੋਰਟ ਡੇਰਾ ਮੁਖੀ ਦੇ ਹੱਕ ’ਚ ਨਹੀਂ ਦਿੱਤੀ ਤਾਂ ਮਾਂ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਛੁੱਟੀ ਦੀ ਅਰਜ਼ੀ ਲਾਈ ਗਈ। ਛਤਰਪਤੀ ਦਾ ਕਹਿਣਾ ਹੈ ਕਿ ਡੇਰਾ ਮੁਖੀ ਦੀ ਮਾਂ ਪਹਿਲਾਂ ਸਿਰਸਾ ਵਿੱਚ ਸੀ ਅਤੇ ਬਾਅਦ ’ਚ ਉਨ੍ਹਾਂ ਨੂੰ ਗੁਰੂਗ੍ਰਾਮ ਮੇਦਾਂਤਾ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਡੇਰਾ ਮੁਖੀ ਨੂੰ 48 ਘੰਟਿਆਂ ਲਈ ਪੈਰੋਲ ਦਿੱਤੀ ਗਈ, ਜਿਸ ਵਿੱਚ ਸਰਕਾਰ ਦੀ ਮਿਲੀਭੁਗਤ ਹੈ। ਛਤਰਪਤੀ ਨੇ ਕਿਹਾ ਕਿ ਸਰਕਾਰ ਜਬਰ-ਜਨਾਹ ਤੇ ਕਤਲ ਦੀ ਸਜ਼ਾ ਭੁਗਤ ਰਹੇ ਇੱਕ ਅਜਿਹੇ ਕੈਦੀ ਨੂੰ ਵੀਆਈਪੀ ਸਹੂਲਤ ਦੇ ਰਹੀ ਹੈ, ਜਿਸ ਕਾਰਨ 25 ਅਗਸਤ 2017 ਨੂੰ ਹਰਿਆਣਾ ਤੇ ਪੰਜਾਬ ਵਿੱਚ ਵੱਡੇ ਪੱਧਰ ’ਤੇ ਸਾੜ-ਫੂਕ ਕੀਤੀ ਗਈ ਸੀ ਅਤੇ ਕਈਆਂ ਜਾਨਾਂ ਗਈਆਂ ਸਨ।