ਜਸਵੰਤ ਜੱਸ
ਫ਼ਰੀਦਕੋਟ, 9 ਮਈ
ਇੱਥੇ ਫਿਰੋਜ਼ਪੁਰ ਰੋਡ ਸਥਿਤ ਵੇਅਰ ਹਾਊਸ ਦੇ ਗੁਦਾਮ ਵਿੱਚ ਦੋ ਦਿਨ ਪਹਿਲਾਂ ਰਾਤ ਸਮੇਂ ਲੱਗੀ ਅੱਗ ਗਿਣੀ-ਮਿੱਥੀ ਸਾਜ਼ਿਸ਼ ਦਾ ਹਿੱਸਾ ਸੀ ਤੇ ਇਹ ਅੱਗ ਕਰੋੜਾਂ ਰੁਪਏ ਦਾ ਘੁਟਾਲਾ ਛੁਪਾਉਣ ਲਈ ਲਾਈ ਗਈ ਸੀ। ਵੇਅਰ ਹਾਊਸ ਦੀ ਡੀਐੱਮ ਮਨਦੀਪ ਕੌਰ ਬਰਾੜ ਦੀ ਲਿਖਤੀ ਸ਼ਿਕਾਇਤ ਮਿਲਣ ਮਗਰੋਂ ਸਿਟੀ ਪੁਲੀਸ ਫਰੀਦਕੋਟ ਨੇ ਵੇਅਰ ਹਾਊਸ ਦੇ ਇੰਸਪੈਕਟਰ ਰਣਜੀਤ ਸਿੰਘ, ਸੁਰੱਖਿਆ ਇੰਚਾਰਜ ਅਮਰਜੀਤ ਸਿੰਘ, ਸੰਜੇ ਕੁਮਾਰ ਤੇ ਤਾਹਿਰ ਖ਼ਿਲਾਫ਼ ਆਈਪੀਸੀ ਦੀ ਧਾਰਾ 409, 420, 436 ਤਹਿਤ ਕੇਸ ਦਰਜ ਕੀਤਾ ਹੈ। ਬੀਤੀ 6 ਮਈ ਦੀ ਰਾਤ ਨੂੰ ਵੇਅਰ ਹਾਊਸ ਦੇ ਗੁਦਾਮ ’ਚ ਅੱਗ ਲੱਗ ਗਈ ਸੀ, ਜਿੱਥੇ 63 ਹਜ਼ਾਰ ਬੋਰੀ ਕਣਕ ਤੇ 83 ਮੀਟ੍ਰਿਕ ਟਨ ਚੌਲ ਪਿਆ ਸੀ। ਉਸ ਵੇਲੇ ਇੰਸਪੈਕਟਰ ਰਣਜੀਤ ਸਿੰਘ ਨੇ ਦਾਅਵਾ ਕੀਤਾ ਸੀ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਅੱਗ ਲੱਗਣ ਤੋਂ ਕੁਝ ਘੰਟਿਆਂ ਬਾਅਦ ਵਿਭਾਗ ਦੀ ਵਿਜੀਲੈਂਸ ਟੀਮ ਨੇ ਮੌਕੇ ਦਾ ਦੌਰਾ ਕੀਤਾ ਸੀ ਤੇ ਵੇਅਰ ਹਾਊਸ ਦੀ ਉੱਚ ਪੱਧਰੀ ਟੀਮ ਨੇ ਵੀ ਇਸ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਸੀ। ਜ਼ਿਲ੍ਹਾ ਮੈਨੇਜਰ ਮਨਦੀਪ ਕੌਰ ਬਰਾੜ ਨੇ ਆਪਣੇ ਪੱਤਰ ਨੰ. 1633 ਵਿੱਚ ਸਪੱਸ਼ਟ ਕੀਤਾ ਹੈ ਕਿ ਵੇਅਰ ਹਾਊਸ ਦੇ ਗੁਦਾਮ ਵਿੱਚੋਂ ਕਥਿਤ ਤੌਰ ’ਤੇ 23 ਹਜ਼ਾਰ ਗੱਟੇ ਕਣਕ ਦੇ ਗਾਇਬ ਹਨ ਤੇ ਇਹ ਤੱਥ ਛੁਪਾਉਣ ਲਈ ਸਾਜ਼ਿਸ਼ ਤਹਿਤ ਗੋਦਾਮ ਵਿੱਚ ਪਏ ਅਨਾਜ ਨੂੰ ਅੱਗ ਲਾਈ ਗਈ ਸੀ। ਜ਼ਿਲ੍ਹਾ ਪੁਲੀਸ ਮੁਖੀ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਜ਼ਿਲ੍ਹਾ ਮੈਨੇਜਰ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਸਿਟੀ ਪੁਲੀਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।