ਬੀਐਸ ਚਾਨਾ
ਸ੍ਰੀ ਕੀਰਤਪੁਰ ਸਾਹਿਬ, 20 ਸਤੰਬਰ
ਇਥੇ ਅੱਜ ਸ਼ਾਮੀਂ ਗੁਰਦੁਆਰਾ ਪਤਾਲਪੁਰੀ ਸਾਹਿਬ ਚੌਕ ਨਜ਼ਦੀਕ ਸੰਤੁਲਨ ਵਿਗੜਨ ਕਾਰਨ ਫਲਾਈਓਵਰ ਤੋਂ ਇਕ ਭਾਰੀ ਵਾਹਨ (ਬੋਗੀ ਬਲਕਰ) ਹੇਠਾਂ ਡਿੱਗਣ ਕਾਰਨ ਉਸ ਦੇ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ਉਪਰ ਪੁੱਜੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲੀਸ ਵੱਲੋਂ ਬਲਕਰ ਦੇ ਕੈਬਿਨ ਵਿਚੋਂ ਡਰਾਈਵਰ ਦੀ ਲਾਸ਼ ਨੂੰ ਬਾਹਰ ਕਢਵਾ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜਿਆ।
ਘਟਨਾ ਸਥਾਨ ’ਤੇ ਪੁੱਜੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਤੋਂ ਜਾਂਚ ਅਧਿਕਾਰੀ ਏ.ਐੱਸ.ਆਈ ਰਾਮ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਕਰਮ ਚੰਦ (58) ਪੁੱਤਰ ਹਰੀਰਾਮ ਵਾਸੀ ਪਿੰਡ ਮੁਕਾਰੀ ਥਾਣਾ ਨੂਰਪੁਰਬੇਦੀ ਜੋ ਕਿ ਐੱਨ.ਜੀ.ਆਰ ਕੰਪਨੀ ਦੀ ਬੋਗੀ ਨੰਬਰ ਪੀਬੀ 65 ਬੀ ਬੀ 8602 ਨੂੰ ਚਲਾਉਂਦਾ ਸੀ, ਅੱਜ ਉਹ ਆਪਣੀ ਬੋਗੀ ਬਲਕਰ ਵਿਚ ਥਰਮਲ ਪਲਾਂਟ ਘਨੌਲੀ ਤੋਂ ਰਾਖ ਭਰ ਕੇ ਬਰਮਾਣਾ ਵਿਖੇ ਇਕ ਸੀਮਿੰਟ ਫੈਕਟਰੀ ਨੂੰ ਜਾ ਰਿਹਾ ਸੀ, ਜਦੋਂ ਇਹ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਚੌਕ ਨਜ਼ਦੀਕ ਪੁੱਜਾ ਤਾਂ ਫਲਾਈਓਵਰ ਉੱਪਰ ਹੀ ਬੋਗੀ ਬਲਕਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਬੋਗੀ ਬਲਕਰ ਝੋਲ ਵੱਜਣ ਕਾਰਨ ਫਲਾਈਓਵਰ ਤੋਂ ਹੇਠਾਂ ਡਿੱਗ ਪਿਆ। ਇਸ ਦਾ ਕੈਬਿਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਇਸ ਕੈਬਨ ਵਿਚ ਹੀ ਡਰਾਈਵਰ ਕਰਮ ਚੰਦ ਦੇ ਸਰੀਰ ਉਪਰ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਖਬਰ ਭੇਜੇ ਜਾਣ ਤੱਕ ਪੁਲੀਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਸੀ।
ਨੰਗਲ ਨੇੜੇ ਵਾਪਰੇ ਹਾਦੇ ’ਚ ਵਿਦਿਆਰਥੀ ਦੀ ਮੌਤ, ਦੋ ਜ਼ਖ਼ਮੀ
ਨੰਗਲ (ਰਾਕੇਸ਼ ਸੈਣੀ): ਨੰਗਲ ਭਲਾਣ ਮੁੁੱਖ ਮਾਰਗ ’ਤੇ ਸ਼ਿਵਾਲਿਕ ਕਾਲਜ ਨੇੜੇ ਵਾਪਰੇ ਸੜਕ ਹਾਦਸੇ ਵਿਚ ਕਾਲਜ ਦੇ ਹੀ ਇਕ ਵਿਦਿਆਰਥੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਦੋ ਗੰਭੀਰ ਰੁੂਪ ਵਿਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਨੰਗਲ ਵਿਖੇ ਦਾਖਲ ਕਰਵਾਇਆ ਗਿਆ| ਪ੍ਰਾਪਤ ਜਾਣਕਾਰੀ ਅਨੁਸਾਰ ਅਰਸ਼ਦੀਪ, ਰਜਤ ਅਤੇ ਸ਼ਿਵਾਂਗੀ ਨੂੰ ਕਾਲਜ ਦੇ ਨਜ਼ਦੀਕ ਇਕ ਅਣਪਛਾਤੇ ਟੈਂਕਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਅਰਸ਼ਦੀਪ ਸਿੰਘ ਦੀ ਮੌਤ ਹੋ ਗਈ। ਦੋਵੇਂ ਜ਼ਖ਼ਮੀਆਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।
ਲਾਲੜੂ ’ਚ ਵਾਪਰੇ ਸੜਕ ਹਾਦਸੇ ’ਚ ਵਿਅਕਤੀ ਦੀ ਮੌਤ
ਲਾਲੜੂ (ਪੱਤਰ ਪ੍ਰੇਰਕ): ਅੰਬਾਲਾ-ਨਰਾਇਣਗੜ੍ਹ ਸੜਕ ਤੇ ਹੰਡੇਸਰਾ ਨੇੜੇ ਬੋੜਾ-ਖੇੜਾ ਮੋੜ ’ਤੇ ਇਕ ਕਾਰ ਦੀ ਲਪੇਟ ’ਚ ਆਉਣ ਕਾਰਨ 30 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਨੇ ਕਾਰ ਚਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਮਿ੍ਰਤਕ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਹੈ।